ਡਰੇਨ ਓਵਰਫਲੋਅ ਹੋਣ ਕਾਰਨ ਦੋ ਸੌ ਏਕੜ ਝੋਨਾ ਡੁੱਬਿਆ
ਲੌਂਗੋਵਾਲ ਨੇੜਿਓਂ ਲੰਘਦੇ ਬਹਾਦਰ ਸਿੰਘ ਵਾਲਾ ਡਰੇਨ ਵਿੱਚ ਪਾਣੀ ਓਵਰਫਲੋਅ ਹੋਣ ਕਾਰਨ ਲਗਪਗ 150-200 ਏਕੜ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ ਅਤੇ ਕਿਸਾਨ ਖੁਦ ਹੀ ਆਪਣੀ ਫ਼ਸਲ ਨੂੰ ਬਚਾਉਣ ਲਈ ਜੁਟੇ ਹੋਏ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਡਰੇਨ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣ ਅਤੇ ਬੰਨ੍ਹ ਮਜ਼ਬੂਤ ਨਾ ਕੀਤੇ ਜਾਣ ਕਾਰਨ ਹੀ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਦਾਖ਼ਲ ਹੋਇਆ ਹੈ।
ਭਾਵੇਂ ਕਿ ਤੀਜੇ ਦਿਨ ਡਰੇਨ ਵਿੱਚ ਪਾਣੀ ਦਾ ਪੱਧਰ ਘਟਿਆ ਹੈ ਪਰ ਪਾਣੀ ਦੀ ਮਾਰ ਹੇਠ ਆਈ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਕਿਉਂਕਿ ਦੂਰ-ਦੂਰ ਤੱਕ ਖੇਤਾਂ ਵਿੱਚ ਪਾਣੀ ਜਿਉਂ ਦਾ ਤਿਉਂ ਖੜ੍ਹਾ ਹੈ ਅਤੇ ਫ਼ਸਲਾਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਮੌਕੇ ’ਤੇ ਮੌਜੂਦ ਅਮਨਦੀਪ ਸਿੰਘ ਵਾਸੀ ਲੌਂਗੋਵਾਲ ਅਤੇ ਕਿਸਾਨ ਕ੍ਰਿਸ਼ਨ ਸਿੰਘ ਵਾਸੀ ਕਿਲਾਭਰੀਆਂ ਨੇ ਦੱਸਿਆ ਕਿ ਡਰੇਨ ਦੀ ਚੰਗੀ ਤਰਾਂ ਸਫ਼ਾਈ ਨਹੀਂ ਹੋਈ। ਪੁੱਟੀ ਗਈ ਜਲ ਬੂਟੀ ਵਿਚਕਾਰ ਹੀ ਛੱਡ ਦਿੱਤੀ ਗਈ ਅਤੇ ਡਰੇਨ ਦੇ ਦੋਵੇਂ ਪਾਸੇ ਬੰਨ੍ਹਾਂ ਨੂੰ ਮਿੱਟੀ ਪਾ ਕੇ ਮਜ਼ਬੂਤ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਡਰੇਨ ਵਿੱਚ ਡਿੱਗੇ ਦਰੱਖ਼ਤ ਵੀ ਨਹੀਂ ਚੁੱਕੇ ਗਏ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਖੁਦ ਕਿਸਾਨਾਂ ਨੇ ਆਪਣੇ ਖਰਚੇ ’ਤੇ ਦੋ ਜੇਸੀਬੀ ਮਸ਼ੀਨਾਂ ਚਲਾ ਕੇ ਸਫ਼ਾਈ ਕਰਵਾਈ ਸੀ ਅਤੇ ਡਰੇਨ ਵਿੱਚ ਡਿੱਗੇ ਦਰੱਖ਼ਤ ਖੁਦ ਬਾਹਰ ਕਢਵਾਏ ਸਨ।
ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾਂ ਦੀ ਕਰੀਬ ਡੇਢ-ਦੋ ਸੌ ਏਕੜ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਿਆ।
ਉਨ੍ਹਾਂ ਦੱਸਿਆ ਕਿ ਤੀਜੇ ਦਿਨ ਡਰੇਨ ਵਿਭਾਗ ਦਾ ਜੇ.ਈ. ਆਇਆ ਸੀ ਜੋ ਕਿ ਮੌਕਾ ਵੇਖ ਕੇ ਚਲਾ ਗਿਆ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ 17 ਏਕੜ, ਕ੍ਰਿਸ਼ਨ ਸਿੰਘ ਦੀ 12 ਏਕੜ, ਦਰਸ਼ਨ ਸਿੰਘ ਦੀ 8 ਏਕੜ, ਅਜੈਬ ਸਿੰਘ ਦੀ 6 ਏਕੜ , ਗੁਰਦੀਪ ਸਿੰਘ ਦੀ 4 ਏਕੜ ਤੋਂ ਇਲਾਵਾ ਪਾਲਾ ਸਿੰਘ, ਮਨੀ ਸਿੰਘ, ਗੋਲਾ ਸਿੰਘ, ਧੰਨਾ ਸਿੰਘ ਸਮੇਤ ਦਰਜਨਾਂ ਪਰਿਵਾਰ ਹਨ ਜਿਨ੍ਹਾਂ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਇਸ ਤੋਂ ਇਲਾਵਾ ਕੈਂਬੋਵਾਲ ਰੋਡ ਦੇ ਨਾਲ ਲੱਗਦੇ ਝੋਨੇ ਦੇ ਖੇਤ ਵੀ ਕਿਲਾਭਰੀਆਂ ਵਾਲੇ ਪਾਸੇ ਤੋਂ ਪਾਣੀ ਆਉਣ ਕਾਰਨ ਪਾਣੀ ਦੀ ਲਪੇਟ ਵਿੱਚ ਆਏ ਹਨ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਹਾਦਰ ਸਿੰਘ ਵਾਲਾ ਡਰੇਨ ਦੇ ਬੰਨ੍ਹ ਮਜ਼ਬੂਤ ਕੀਤੇ ਜਾਣ, ਡਰੇਨ ’ਚੋਂ ਮਿੱਟੀ ਦੀ ਗਾਰ ਕਢਵਾਈ ਜਾਵੇ, ਡਿੱਗੇ ਦਰੱਖਤ ਕੱਢੇ ਜਾਣ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਢੁੱਕਵਾਂ ਮੂਆਵਜ਼ਾ ਦਿੱਤਾ ਜਾਵੇ।