ਈਨਾਬਾਜਵਾ ਵਿੱਚ ਅੱਗ ਲੱਗਣ ਕਾਰਨ ਦੋ ਪਸ਼ੂ ਮਰੇ
ਪਿੰਡ ਈਨਾਬਾਜਵਾ ਵਿੱਚ ਗਰੀਬ ਪਰਿਵਾਰ ਦੇ ਗੱਭਣ ਮੱਝ ਸਮੇਤ ਦੋ ਪਸ਼ੂ ਅੱਗ ਵਿੱਚ ਝੁਲਸ ਮਰ ਗਏ। ਪੀੜਤ ਮੇਲਾ ਸਿੰਘ ਵਾਸੀ ਈਨਾਬਾਜਵਾ ਨੇ ਦੱਸਿਆ ਕਿ ਜਿੱਥੇ ਉਸ ਦੇ ਪਸ਼ੂ ਬੰਨ੍ਹੇ ਹੋਏ ਸਨ ਉੱਥੇ ਅਚਾਨਕ ਅੱਗ ਲੱਗ ਜਾਣ ਕਾਰਨ ਪਾਥੀਆਂ ਦੇ ਗੁਹਾਰੇ ਤੋਂ ਅੱਗ ਚੜ੍ਹ ਗਈ ਜਿਸ ਨਾਲ ਗੱਭਣ ਮੱਝ ਅਤੇ ਇੱਕ ਕੱਟਾ ਮਰ ਗਿਆ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ। ਪਿੰਡ ਵਾਸੀਆਂ ਨੇ ਇਸ ਗਰੀਬ ਤੇ ਲੋੜਵੰਦ ਪਰਿਵਾਰ ਦੇ ਹੋਏ ਨੁਕਸਾਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ। ਉੱਧਰ ਇਸ ਪ੍ਰਤੀਨਿਧ ਨੇ ਜਦੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਗਰੂਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਧੂਰੀ ਬਲਾਕ ਦੇ ਇੰਚਾਰਜ ਡਾ. ਜਸਕਰਨ ਸਿੰਘ ਦਾ ਨੰਬਰ ਦੇ ਦਿੱਤਾ। ਬਲਾਕ ਇੰਚਾਰਜ ਡਾਕਟਰ ਦੇ ਨੰਬਰ ਤੋਂ ਬੋਲਣ ਵਾਲੇ ਨੇ ਦੱਸਿਆ ਕਿ ਡਾਕਟਰ ਸਾਹਿਬ ਕਿਸੇ ਜਾਨਵਰ ਦੇ ਅਪਰੇਸ਼ਨ ਵਿੱਚ ਰੁੱਝੇ ਹੋਏ ਹਨ। ਅਨੁਸਾਰ ਅੱਜ ਬਾਅਦ ਦੁਪਹਿਰ ਡਾਕਟਰ ਹਰੀਸ ਕੁਮਾਰ, ਡਾ. ਤੇਜਿੰਦਰ ਸਿੰਘ, ਡਾਕਟਰ ਆਕਾਸ਼ ਅਧਾਰਤ ਤਿੰਨ ਮੈਂਬਰੀ ਟੀਮ ਪੁੱਜੀ ਜਿਨ੍ਹਾਂ ਨੇ ਮੌਕੇ ਦੀਆਂ ਪ੍ਰਸਥਿਤੀਆਂ ਨੂੰ ਵਾਚਿਆ। ਡਾ. ਹਰੀਸ਼ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮੱਝ ਤੇ ਕੱਟਾ ਮਰੇ ਜ਼ਰੂਰ ਹਨ ਪਰ ਹੱਡਾਰੋੜੀ ’ਚ ਕੁੱਤਿਆਂ ਵੱਲੋਂ ਪਸ਼ੂਆਂ ਨੂੰ ਖਾ ਲੈਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ ਉਂਜ ਉਹ ਆਪਣੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਣਗੇ।