ਅਪਰੇਟਰ ਦੀ ਸ਼ਿਕਾਇਤ ’ਤੇ ਟਰੱਕ ਯੂਨੀਅਨ ਦਾ ਪ੍ਰਧਾਨ ਗ੍ਰਿਫ਼ਤਾਰ
ਟਰੱਕ ਯੂਨੀਅਨ ਦੇ ਅਪਰੇਟਰ ਦੀ ਸ਼ਿਕਾਇਤ ’ਤੇ ਟਰੱਕ ਯੂਨੀਅਨ ਦੇ ਪ੍ਰਧਾਨ ਸਮੇਤ ਚਾਰ ਮੈਂਬਰੀ ਪ੍ਰਬੰਧਕ ਕਮੇਟੀ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਟਰੱਕ ਅਪਰੇਟਰ ਸਰਬਜੀਤ ਸਿੰਘ ਬਿੱਟੂ ਨੇ ਥਾਣੇ ਵਿਚ ਸ਼ਿਕਾਇਤ ਲਿਖਾਈ ਕਿ ਉਹ ਆਪਣੇ ਟਰੱਕ ਰਾਹੀਂ ਪੈਪਸੀਕੋ ਚੰਨੋਂ ਦਾ ਮਾਲ ਲੈ ਕੇ ਗਿਆ ਸੀ ਪਰ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਦੇ ਕਹਿਣ ’ਤੇ ਮੁਨਸ਼ੀ ਵੱਲੋਂ ਟਰੱਕ ਵਾਪਸ ਬੁਲਾ ਲਿਆ ਗਿਆ ਅਤੇ ਉਸ ਨੂੰ ਡਬਲ ਰਿਪੋਰਟ ਕਰਨ ਦੇ ਆਧਾਰ ’ਤੇ 41 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਵੱਲੋਂ ਇਹ ਜੁਰਮਾਨਾ ਭਰਨ ਦੇ ਬਾਵਜੂਦ ਟਰੱਕ ਦੇ ਭਾੜੇ ਵਿੱਚੋਂ ਵੀ ਹੋਰ 41 ਹਜ਼ਾਰ ਰੁਪਏ ਕੱਟ ਲਏ ਗਏ। ਉਨ੍ਹਾਂ ਕਿਹਾ ਕਿ ਜਦੋਂ ਉਸ ਨੇ ਉਕਤ ਫਾਲਤੂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਸ ਨੂੰ ਧਮਕਾਇਆ ਗਿਆ ਅਤੇ ਪੈਸੇ ਜਬਰੀ ਰੱਖ ਲਏ ਗਏ। ਥਾਣਾ ਮੁਖੀ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ’ਤੇ ਜਤਿੰਦਰ ਸਿੰਘ ਪ੍ਰਧਾਨ, ਬਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਜੱਗੀ ਸਿੰਘ ਖਿਲਾਫ ਜ਼ਬਰੀ ਵਸੂਲੀ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।