ਟਰੱਕ ਯੂਨੀਅਨ ਲਹਿਰਾਗਾਗਾ ਦੀ ਹੜਤਾਲ ਖਤਮ
ਟਰੱਕ ਰਾਹੀਂ ਸਰਕਾਰੀ ਮਾਲ ਦੀ ਲੋਡਿੰਗ ਨੂੰ ਲੈ ਕੇ ਲਹਿਰਾ ਗਾਗਾ ਦੀ ਟਰੱਕ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਨੂੰ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਐਡਵੋਕੇਟ ਗੌਰਵ ਗੋਇਲ ਅਤੇ ਭਤੀਜੇ ਲੱਕੀ ਗੋਇਲ, ਡੀਐਸਪੀ ਦੀਪਇੰਦਰਪਾਲ ਸਿੰਘ ਜੇਜੀ, ਸਿਟੀ ਇੰਚਾਰਜ ਗੁਰਦੇਵ ਸਿੰਘ ਨੇ ਖਤਮ ਕਰਵਾਉਂਦਿਆਂ ਦੋਵੇਂ ਪ੍ਰਧਾਨਾਂ ਵਿੱਚ ਸਮਝੌਤਾ ਕਰਵਾ ਦਿੱਤਾ ਹੈ।
ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਗੁਰਸੇਵਕ ਸਿੰਘ ਗਾਗਾ ਨੇ ਦੱਸਿਆ ਕਿ ਉਸ ਦੀ ਪ੍ਰਧਾਨਗੀ ਵਿੱਚ ਟਰੱਕ ਯੂਨੀਅਨ ਦੇ ਬਹੁਤ ਸਾਰੇ ਕੰਮ ਕੀਤੇ ਗਏ ਹਨ ਅਤੇ ਲਗਾਤਾਰ ਕਰ ਰਹੇ ਹਾਂ। ਉਨ੍ਹਾਂ ਕੈਬਨਿਟ ਮੰਤਰੀ ਬਰਿੰਦਰ ਗੋਇਲ ’ਤੇ ਵਿਸ਼ਵਾਸ਼ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ। ਇਸ ਮੌਕੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਗੌਰਵ ਗੋਇਲ ਅਤੇ ਪ੍ਰਸ਼ਾਸਨ ਵੱਲੋਂ ਜੋ ਮਸਲੇ ਸਨ ਉਨ੍ਹਾਂ ਨੂੰ ਮਿਲ ਬੈਠ ਕੇ ਹੱਲ ਕਰਵਾ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਟੈਂਡਰਾਂ ਸਬੰਧੀ ਜਾਂ ਹੋਰ ਗਿਲੇ-ਸ਼ਿਕਵੇ ਵੀ ਦੂਰ ਹੋ ਗਏ ਹਨ। ਇੱਥੇ ਇਹ ਦੱਸਣਯੋਗ ਹੈ ਕਿ ਸਰਕਾਰੀ ਮਾਲ ਦੀ ਲੋਡਿੰਗ ਸਬੰਧੀ ਇੱਕ ਟੈਂਡਰ ਸਾਬਕਾ ਪ੍ਰਧਾਨ ਵੱਲੋਂ ਘੱਟ ਰੇਟ ਦੇ ਪਾਇਆ ਗਿਆ ਸੀ ਜਿਸ ਕਾਰਨ ਟਰੱਕ ਯੂਨੀਅਨ ਅਤੇ ਸਾਬਕਾ ਪ੍ਰਧਾਨ ਵਿੱਚ ਰੌਲਾ ਚੱਲ ਰਿਹਾ ਸੀ ਜਿਸ ਨੂੰ ਅੱਜ ਹੱਲ ਕਰ ਲਿਆ ਗਿਆ ਅਤੇ ਮੰਡੀ ਵਿੱਚ ਲੋਡਿੰਗ ਦਾ ਕੰਮ ਸਹੀ ਤਰੀਕੇ ਨਾਲ ਚੱਲ ਪਿਆ ਹੈ।