ਰਾਜਿੰਦਰਾ ’ਚ ਫੋਰਟਿਸ ਤੇ ਮੈਕਸ ਹਸਪਤਾਲਾਂ ਵਾਂਗ ਹੋਵੇਗਾ ਇਲਾਜ: ਬਲਬੀਰ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਅਧਰੰਗ ਦੇ ਲੱਛਣ ਸਾਹਮਣੇ ਆਉਣ ’ਤੇ ਫੌਰੀ ਬਿਹਤਰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਬਰੇਨ ਸਟ੍ਰੋਕ (ਅਧਰੰਗ) ਦੇ ਇਲਾਜ ਲਈ ਹੱਬ ਬਣਾਇਆ ਜਾਵੇਗਾ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰਸਪੈਸ਼ਲਿਟੀ ਬਲਾਕ ਵਿੱਚ ਮਾਹਿਰ ਡਾਕਟਰਾਂ ਨਾਲ ਇਸ ਸਬੰਧੀ ਰਣਨੀਤੀ ਦਾ ਜਾਇਜ਼ਾ ਲੈਂਦਿਆਂ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰਪੀਐਸ ਸੀਬੀਆ ਤੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਵਿਸ਼ਾਲ ਚੋਪੜਾ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਦਿਲ ਦੇ ਦੌਰੇ ਦੀ ਬਿਮਾਰੀ ਦਾ ਪਹਿਲਾ ਹੀ ਹੱਬ ਹੈ ਅਤੇ ਜੇਕਰ ਇੱਥੇ ਨੇੜਲੇ ਜ਼ਿਲ੍ਹੇ ’ਚ ਕੋਈ ਦਿਲ ਦੇ ਦੌਰੇ ਦਾ ਮਰੀਜ਼ ਆਉਂਦਾ ਹੈ ਤਾਂ ਹੱਬ ਤੇ ਸਪੋਕ ਦੇ ਡਾਕਟਰ ਪਹਿਲਾਂ ਹੀ ਉਸ ਦਾ ਈਸੀਜੀ ਕਰਕੇ ਉਸ ਦੇ ਟੀਕਾ ਲਗਾ ਦਿੰਦੇ ਹਨ ਤੇ ਫੇਰ ਨੇੜੇ ਦੇ ਹੱਬ ਵਿੱਚ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 700 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਤੇ ਹੁਣ ਤੱਕ ਇਸ ਵਿਧੀ ਨਾਲ ਦਿਲ ਦੇ 583 ਮਰੀਜ਼ਾਂ ਦਾ ਜਾਨ ਬਚਾਈ ਜਾ ਚੁੱਕੀ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਅਧਰੰਗ ਦੇ ਇਲਾਜ ਲਈ ਵੀ ਇਹ ਵਿਧੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਜਿਹੜਾ ਇਲਾਜ ਫੋਰਟਿਸ ਜਾਂ ਮੈਕਸ ਹਸਪਤਾਲਾਂ ’ਚ ਹੁੰਦਾ ਹੈ, ਉਹ ਇਲਾਜ ਹੁਣ ਪਟਿਆਲਾ ’ਚ ਵੀ ਹੋਵੇਗਾ ਤੇ ਇਹ ਇਲਾਜ ਪੰਜਾਬ ਦੇ ਲੋਕਾਂ ਦਾ ਬਿਲਕੁਲ ਮੁਫ਼ਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਯੂਨੀਵਰਸਲ ਸਿਹਤ ਬੀਮਾ ਲੈ ਕੇ ਆ ਰਹੀ ਹੈ ਤੇ ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ ਤੇ ਟਰਸ਼ਰੀ ਕੇਅਰ ਤਿੰਨ ਮਜ਼ਬੂਤ ਕੀਤਾ ਜਾ ਰਿਹਾ ਹੈ।