ਕਿਸਾਨ ਆਗੂ ਨਾਲ ਉਲਝਣ ਵਾਲੇ ਖੇਤੀਬਾੜੀ ਮੁਲਾਜ਼ਮ ਦਾ ਤਬਾਦਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਂਵਾਲ ਨਾਲ ਉਲਝਣ ਵਾਲੇ ਖੇਤੀਬਾੜੀ ਮੁਲਾਜ਼ਮ ਵਿਰੁੱਧ ਜ਼ਿਲ੍ਹਾ ਖੇਤੀਵਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਕੋਲ ਤਿੱਖਾ ਰੋਸ ਪ੍ਰਗਟਾਏ ਜਾਣ ਮਗਰੋਂ ਉਨ੍ਹਾਂ ਸਬੰਧਤ ਮੁਲਾਜ਼ਮ ਨੂੰ ਧੂਰੀ ਤੋਂ ਅਹਿਮਦਗੜ੍ਹ ਬਦਲ ਦਿੱਤਾ ਹੈ। ਇੱਥੇ ਬੀ ਕੇ ਯੂ ਡਕੌਂਦਾ ਦੇ ਚੋਣਵੇਂ ਆਗੂਆਂ ਦੀ ਮੀਟਿੰਗ ਮਗਰੋਂ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਬਾਲੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਤਨਾਮ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿਛਲੇ ਦਿਨੀਂ ਬੀ ਕੇ ਯੂ ਡਕੌਂਦਾ (ਬੁਰਜਗਿੱਲ) ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਂਵਾਲ ਧੂਰੀ ਖੇਤੀਬਾੜੀ ਦਫ਼ਤਰ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਬੀਜ ਲੈਣ ਲਈ ਲੋੜੀਂਦਾ ਫਾਰਮ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਥਿਤ ਦੁਰ-ਵਿਹਾਰ ਕੀਤਾ। ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਦਫ਼ਤਰ ਤੋਂ ਫਾਰਮ ਦੇਣ ਦੀ ਥਾਂ ਕਿਸਾਨਾਂ ਨੂੰ ਬਾਹਰੋਂ ਕੈਫੇ ਤੋਂ ਫਾਰਮ ਲਿਆਉਣ ਲਈ ਮਜਬੂਰ ਕੀਤਾ ਜਾਂਦਾ ਸੀ ਜਿਸ ਦਾ ਬਲਾਕ ਪ੍ਰਧਾਨ ਸ੍ਰੀ ਪੁੰਨਾਂਵਾਲ ਨੇ ਤਿੱਖਾ ਵਿਰੋਧ ਕੀਤਾ ਗਿਆ। ਜਥੇਬੰਦੀ ਨੇ ਬਦਲੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਹੁਣ ਬਦਲੀ ਕੀਤੇ ਜਾਣ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਭਾਵੇਂ ਖੇਤੀਬਾੜੀ ਵਿਭਾਗ ਦੇ ਕੁਝ ਮੁਲਾਜ਼ਮਾਂ ਨੇ ਦੱਬੀ ਜ਼ੁਬਾਨ ’ਚ ਸਬੰਧਤ ਮੁਲਾਜ਼ਮ ਦਾ ਕੋਈ ਉੱਕਾ ਹੀ ਕਸੂਰ ਨਾ ਹੋਣ ਦਾ ਦਾਅਵਾ ਕੀਤਾ ਪਰ ਸਬੰਧਤ ਮੁਲਾਜ਼ਮ ਨਾਲ ਸੰਪਰਕ ਨਹੀਂ ਹੋ ਸਕਿਆ। ਉਧਰ ਜ਼ਿਲ੍ਹਾ ਖੇਤੀਵਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਸੰਪਰਕ ਕਰਨ ਨੇ ਸਬੰਧਤ ਮੁਲਾਜ਼ਮ ਦੀ ਬਦਲੀ ਕਰਨ ਦੀ ਪੁਸ਼ਟੀ ਕੀਤੀ।
