ਰਾਮਨਗਰ ਸਿਬੀਆਂ ’ਚ ਨਾਲੇ ਦਾ ਪਾਣੀ ਦਾਖ਼ਲ ਹੋਣ ਕਾਰਨ ਆਵਾਜਾਈ ਰੋਕੀ
ਇੱਥੇ ਸੁਨਾਮ ਰੋਡ ’ਤੇ ਸਥਿਤ ਰਾਮਨਗਰ ਸਿਬੀਆਂਂ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸੜਕ ਦੇ ਨਾਲ ਨਾਲ ਪਿੰਡ ਨੇੜਿਓ ਲੰਘਦੇ ਗੰਦੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵਿਚ ਦਾਖਲ ਹੋ ਗਿਆ।
ਰੋਹ ਵਿਚ ਆਏ ਪਿੰਡ ਦੇ ਲੋਕਾਂ ਨੇ ਸੰਗਰੂਰ-ਸੁਨਾਮ ਸੜਕ ’ਤੇ ਆਵਾਜਾਈ ਠੱਪ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰ ਦਿੱਤੀ।
ਇਸ ਮੌਕੇ ਪਿੰਡ ਰਾਮਨਗਰ ਸਿਬੀਆਂ ਦੇ ਸਰਪੰਚ ਹਾਕਮ ਸਿੰਘ ਨੇ ਦੱਸਿਆ ਕਿ ਸੰਗਰੂਰ-ਸੁਨਾਮ ਮੁੱਖ ਸੜਕ ਦੇ ਨਾਲ ਨਾਲ ਲੰਘਦੇ ਗੰਦੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵਿਚ ਦਾਖਲ ਹੋ ਗਿਆ ਕਿਉਂਕਿ ਗੰਦੇ ਨਾਲੇ ਦੀ ਸਮੇਂ ਸਿਰ ਸਫ਼ਾਈ ਨਹੀਂ ਕੀਤੀ ਗਈ ਜਦੋਂ ਕਿ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਸਫ਼ਾਈ ਹੋਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਗੰਦਾ ਨਾਲਾ ਪਹਿਲਾਂ ਹੀ ਗੰਦਗੀ ਨਾਲ ਭਰਿਆ ਪਿਆ ਹੈ ਜਿਸ ਵਿਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਪੈਂਦਾ ਹੈ। ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਨਾਲੇ ਵਿਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਨਾਲੇ ਉਪਰ ਜਗ੍ਹਾ-ਜਗ੍ਹਾ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਨਾਲੇ ਵਿਚ ਕਲੋਨੀ ਵਾਲਿਆਂ ਨੇ ਸੀਮਿੰਟ ਦੇ ਪਾਈਪ ਪਾ ਰੱਖੇ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਅੱਜ ਗੰਦਾ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵਿਚ ਦਾਖਲ ਹੋ ਗਿਆ ਜੋ ਕਿ ਗੁਰਦੁਆਰਾ ਸਾਹਿਬ ਅਤੇ ਖੇਡ ਮੈਦਾਨ ਤੱਕ ਪੁੱਜ ਗਿਆ ਜਿਸ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਦੂਰ-ਦੂਰ ਤੱਕ ਗੰਦੇ ਪਾਣੀ ਦੀ ਬੁਦਬੂ ਮਾਰਨ ਲੱਗੀ ਅਤੇ ਲੋਕਾਂ ’ਚ ਰੋਹ ਫੈਲ ਗਿਆ।
ਪਿੰਡ ਵਾਸੀ ਇਕੱਠੇ ਹੋ ਕੇ ਮੁੱਖ ਸੜਕ ’ਤੇ ਪੁੱਜ ਗਏ ਅਤੇ ਆਵਾਜਾਈ ਠੱਪ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਉਪ ਮੰਡਲ ਮੈਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਮੌਕੇ ’ਤੇ ਪੁੱਜੇ ਅਤੇ ਤੁਰੰਤ ਜੇ.ਸੀ.ਬੀ ਦੀਆਂ ਤਿੰਨ ਮਸ਼ੀਨਾਂ ਮੰਗਵਾ ਕੇ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਬਾਅਦ ਲੋਕ ਮੌਕੇ ’ਤੇ ਡਟੇ ਰਹੇ ਅਤੇ ਹੋ ਰਹੀ ਸਫ਼ਾਈ ਦੇ ਕੰਮ ਦੀ ਨਿਗਰਾਨੀ ਕਰਦੇ ਰਹੇ ਤਾਂ ਜੋ ਮੁੜ ਪਾਣੀ ਪਿੰਡ ਵਿਚ ਦਾਖਲ ਨਾ ਹੋ ਸਕੇ। ਇਸ ਮੌਕੇ ਨੰਬਰਦਾਰ ਰਣਜੀਤ ਸਿੰਘ, ਪੰਚ ਪਰਮਜੀਤ ਕੌਰ, ਕੁਲਦੀਪ ਕੌਰ, ਮੱਘਰ ਸਿੰਘ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ।