ਮੁੱਖ ਮੰਤਰੀ ਦੀ ਆਮਦ ਕਾਰਨ ਸੰਗਰੂਰ-ਲੁਧਿਆਣਾ ਸੜਕ ’ਤੇ ਜਾਮ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਨਾਲ ਲੱਗਦੇ ਪਿੰਡ ਬੇਨੜਾ ਤੇ ਲੱਡਾ ਦੇ ਵੱਖ-ਵੱਖ ਪ੍ਰਗਰਾਮਾਂ ’ਚ ਆਮਦ ਦੌਰਾਨ ਸੰਗਰੂਰ-ਲੁਧਿਆਣਾ ਸੜਕ ’ਤੇ ਟਰੈਫਿਕ ਕਾਫ਼ੀ ਸਮਾਂ ਰੋਕ ਦੇਣ ਨਾਲ ਧੂਰੀ ਦੇ ਸੰਗਰੂਰ ਚੌਕ ਵਿੱਚ ਵਾਹਨਾਂ ਦੀਆਂ ਦੂਰ-ਦੂਰ ਤੱਕ ਕਤਾਰਾਂ ਲੱਗ ਜਾਣ ਨਾਲ ਚੱਕਾ ਜਾਮ ਰਿਹਾ। ਟਰੈਫਿਕ ਨੂੰ ਮੁੱਖ ਮੰਤਰੀ ਦੀ ਆਮਦ ਕਾਰਨ ਆਲੇ-ਦੁਆਲੇ ਦੇ ਰਸਤਿਆਂ ਤੋਂ ਲੰਘ ਜਾਣ ਲਈ ਡਾਇਵਰਟ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਡਾ ਦੇ ਸੈਫਰਨ ਪਾਮ ਵਿੱਚ ਪੰਜਾਬ ਪੱਧਰੀ ਸਮਾਗ਼ਮ ਪੁੱਜੇ ਸਨ ਅਤੇ ਉਸ ਤੋਂ ਪਹਿਲਾਂ ਪਿੰਡ ਬੇਨੜਾ ਵਿੱਚ ਸੜਕ ਦੇ ਨਾਲ ਲਗਦੇ ਆਧੁਨਿਕ ਜਿਮ ਦਾ ਉਦਘਾਟਨ ਕਰਨਾ ਸੀ। ਪੁਲੀਸ ਨੇ ਧੂਰੀ ਦੇ ਸੰਗਰੂਰ ਚੌਕ ਵਾਲੇ ਨਾਕੇ ’ਤੇ ਟਰੱਕਾਂ ਤੇ ਹੋਰ ਵਾਹਨਾਂ ਨੂੰ ਘੇਰਿਆ ਤੇ ਰਸਤਾ ਬਦਲ ਕੇ ਲੰਘ ਜਾਣ ਦੀ ਸਲਾਹ ਦਿੱਤੀ। ਦੂਜਾ ਪੁਲੀਸ ਨਾਕਾ ਪਿੰਡ ਬੇਨੜਾ ਦੇ ਬਾਹਰਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲ ਲਗਾਇਆ ਗਿਆ ਸੀ, ਜਿੱਥੇ ਕਈ ਬੇਨੜਾ ਪਿੰਡ ਦੇ ਲੋਕ ਵੀ ਆਪਣੇ ਆਪਣੇ ਪਿੰਡਾਂ ਨੂੰ ਜਾਣ ਲਈ ਤਰਲੇ ਕੱਢਦੇ ਵੇਖੇ ਗਏ ਪਰ ਡਿਊਟੀ ’ਤੇ ਮੌਜੂਦ ਐੱਸ ਐੱਚ ਓ ਜਸਵੀਰ ਸਿੰਘ ਨੇ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ। ਧੂਰੀ ਦੇ ਆਟੋ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਫੈਕਟਰੀ ’ਚ ਆਏ ਮਕੈਨਿਕਾਂ ਨੂੰ ਲੈਣ ਜਾ ਰਿਹਾ ਸੀ ਪਰ ਪੁਲੀਸ ਨੇ ਕਿਹਾ ਕਿ ਅੱਗੇ ਧਰਨਾ ਲੱਗਿਆ ਹੋਇਆ ਅਤੇ ਕਾਫ਼ੀ ਸਮਾਂ ਉਸ ਨੂੰ ਰੋਕੀ ਰੱਖਿਆ। ਪਿੰਡ ਬੇਨੜੇ ਦੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਕਿੰਨੇ ਸਮੇਂ ਤੋਂ ਆਪਣੇ ਹੀ ਪਿੰਡ ਵਿੱਚ ਜਾਣ ਦੀ ਉਡੀਕ ਕਰ ਰਹੇ ਹਨ। ਪੁਲੀਸ ਦੀ ਗੈਰਜ਼ਰੂਰੀ ਸਖਤੀ ਤਹਿਤ ਪੱਤਰਕਾਰਾਂ ਨੂੰ ਵੀ ਰੋਕ ਕੇ ਖੱਜਲ-ਖੁਆਰ ਕੀਤਾ ਗਿਆ ਅਤੇ ਅੱਜ ਦੇ ਸਮਾਗ਼ਮ ਵਿੱਚ ਧੂਰੀ ਤੋਂ ਪ੍ਰਿੰਟ ਮੀਡੀਆਂ ਦੇ ਮਹਿਜ ਦੋ-ਚਾਰ ਪੱਤਰਕਾਰ ਹੀ ਮੌਜੂਦ ਸਨ।
