ਮੁੱਖ ਮੰਤਰੀ ਦੇ ਹਲਕੇ ’ਚ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਟਰੈਕਟਰ ਮਾਰਚ
ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਜਨਰਲ ਸਕੱਤਰ ਅਤੇ ਹਲਕਾ ਧੂਰੀ ਤੋਂ ਪ੍ਰਮੁੱਖ ਆਗੂ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਅੱਜ ਟਰੈਕਟਰ ਮਾਰਚ ਕਰ ਕੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਗਿਆ। ਇਸ ਮਾਰਚ ਵਿੱਚ ਸੈਂਕੜਿਆਂ ਕਿਸਾਨਾਂ ਨੇ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ ਰਾਹੀਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਭਾਵੇਂ ਪੰਜਾਬ ਸਰਕਾਰ ਨੇ ਕੱਲ੍ਹ ਸ਼ਾਮ ਇਹ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਹੈ, ਪਰ ਅੱਜ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਕਿਸਾਨ ਅਤੇ ਲੋਕ ਮਾਰੂ ਫ਼ੈਸਲਿਆਂ ਖਿਲਾਫ਼ ਕਾਫੀ ਗੁੱਸਾ ਵੇਖਣ ਨੂੰ ਮਿਲਿਆ। ਇਹ ਮਾਰਚ ਸ਼ਹਿਰ ਦੇ ਦੌਲਤਪੁਰ ਰੋਡ ਤੋਂ ਸ਼ੁਰੂ ਹੋਇਆ ਅਤੇ ਮਾਲੇਰਕੋਟਲਾ ਰੋਡ, ਸੰਗਰੂਰ ਬਾਈਪਾਸ, ਨਵੀਂ ਅਨਾਜ ਮੰਡੀ, ਧੋਬੀ ਘਾਟ ਰੋਡ, ਐੱਸਡੀ ਸਕੂਲ ਰੋਡ, ਪੁਰਾਣੀ ਅਨਾਜ ਮੰਡੀ, ਲੋਹਾ ਬਾਜ਼ਾਰ, ਕੱਕੜਵਾਲ ਪੁਲ ਰਾਹੀਂ ਗੁਰਦੁਆਰਾ ਮੰਜੀ ਸਾਹਿਬ ਜਾ ਕੇ ਸਮਾਪਤ ਹੋਇਆ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਹੁੰਚ ਕੇ ਦੌਲਤਪੁਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਪੰਜਾਬ, ਪੰਜਾਬੀਅਤ ਦੀ ਭਲਾਈ ਅਤੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਦੌਲਤਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਨੀਤੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਸਿੱਧਾ ਯਤਨ ਹੈ, ਜੋ ਕਿ ਕਿਸੇ ਵੀ ਸੂਰਤ ਵਿੱਚ ਕਬੂਲ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਲੈਂਡ ਪੂਲਿੰਗ ਨੀਤੀ ਖਿਲਾਫ਼ ਕੀਤੇ ਗਏ ਵੱਡੇ ਰੋਸ ਨੇ ਦਿੱਲੀ ਗਰੋਹ ਵੱਲੋਂ ਚਲਾਈ ਜਾ ਰਹੀ ਤਾਨਾਸ਼ਾਹ ਪੰਜਾਬ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਇਸ ਜਿੱਤ ਨੂੰ ਕਿਸਾਨਾਂ ਦੀ ਜਿੱਤ ਗਰਦਾਨਦਿਆਂ ਕਿਹਾ ਕਿ ਕਾਂਗਰਸ ਪੰਜਾਬ ਹਮੇਸ਼ਾਂ ਹੀ ਕਿਸਾਨਾਂ ਨਾਲ ਖੜ੍ਹੀ ਸੀ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਕਿਸਾਨਾਂ ਦਾ ਸਾਥ ਖੜ੍ਹਨਗੇ।