ਸੰਗਰੂਰ ’ਚ ਕਿਸਾਨਾਂ ਲਈ ਲੱਗਦੀ ‘ਪਹਿਲ’ ਮੰਡੀ ਦੇ ਤਿੰਨ ਸਾਲ ਮੁਕੰਮਲ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ ਦੀ ਅਗਵਾਈ ਤਹਿਤ ਸੈਲਫ ਹੈਲਪ ਗਰੁੱਪ ਅਤੇ ਕਿਸਾਨਾਂ ਲਈ ਲਗਾਈ ਜਾਂਦੀ ਪਹਿਲ ਮੰਡੀ ਨੇ ਆਪਣੇ ਤਿੰਨ ਸਾਲ ਪੂਰੇ ਕਰ ਲਏ ਹਨ। ਪਹਿਲ ਮੰਡੀ ਨੇ ਸਥਾਨਕ ਜੈਵਿਕ ਕਿਸਾਨਾਂ, ਸੈਲਫ ਹੈਲਪ ਗਰੁੱਪਾਂ ਅਤੇ ਹੋਰ ਉਦਮੀਆਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਵੇਚਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ, ਜਿਸ ਨਾਲ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
‘ਪਹਿਲ’ ਮੰਡੀ ਦੇ ਮੁੱਖ ਪ੍ਰਬੰਧਕ ਤੇ ਸਮਾਜ ਸੇਵੀ ਡਾ. ਏ.ਐੱਸ. ਮਾਨ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਪਹਿਲ ਮੰਡੀ ਪੇਂਡੂ ਉੱਦਮਤਾ ਲਈ ਇੱਕ ਕੇਂਦਰ ਵਜੋਂ ਉਭਰੀ ਹੈ। ਇਸ ਪਹਿਲਕਦਮੀ ਨੇ ਨਾ ਸਿਰਫ਼ ਸਥਾਨਕ ਉਤਪਾਦਾਂ ਲਈ ਇੱਕ ਬਾਜ਼ਾਰ ਪ੍ਰਦਾਨ ਕੀਤਾ ਹੈ ਬਲਕਿ ਮੰਡੀ ਵਿੱਚ ਭਾਗ ਲੈਣ ਵਾਲਿਆ ਵਿੱਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਵੀ ਪੈਦਾ ਕੀਤੀ ਹੈ। ਮੁੱਖ ਪ੍ਰਬੰਧਕ ਨੇ ਕਿਹਾ ਕਿ ਸਾਨੂੰ ਪਿਛਲੇ ਸਾਲਾਂ ਦੌਰਾਨ ਪਹਿਲ ਮੰਡੀ ਵੱਲੋਂ ਕੀਤੀ ਗਈ ਤਰੱਕੀ ’ਤੇ ਮਾਣ ਹੈ। ਇਸ ਮੌਕੇ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ ਰਾਜਿੰਦਰ ਕੁਮਾਰ, ਜਗਦੇਵ ਸਿੰਘ ਸਤੌਜ, ਜੌਲੀ ਪਾਤੜਾਂ, ਜਸਵੀਰ ਕੌਰ ਸੋਹੀ ਨਾਭਾ, ਜਸਪ੍ਰੀਤ ਕੌਰ ਨੰਦਗੜ੍ਹ, ਕਮਰਜੀਤ ਕੌਰ , ਦਰਸ਼ਨ ਸਿੰਘ ਪੇਧਨੀ ਕਲਾਂ, ਗੁਰਦੀਪ ਦਿਓਲ ਤੇ ਸੰਦੀਪ ਕੌਰ ਬਾਲੀਆਂ ਆਦਿ ਹਾਜ਼ਰ ਸਨ।