ਸਨੌਰ ਤੇ ਘਨੌਰ ਦੇ ਤਿੰਨ ਆਗੂ ਨਵੇਂ ਅਕਾਲੀ ਦਲ ਦੀ ਵਰਕਿੰਗ ਕਮੇਟੀ ’ਚ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੀ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਜਿਸ ’ਚ ਸਨੌਰ ਅਤੇ ਘਨੌਰ ਹਲਕਿਆਂ ਤੋਂ ਵੀ ਤਿੰਨ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਤੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਦੇ ਨਾਮ ਸ਼ਾਮਲ ਹਨ। ਇਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ ਤੇ ਇਲਾਕੇ ਵਿੱਚ ਢਾਂਚਾ ਮਜ਼ਬੂਤ ਕੀਤਾ ਜਾਵੇਗਾ।
ਹਾਜੀ ਤੁਫ਼ੈਲ ਮਲਿਕ ਵਰਕਿੰਗ ਕਮੇਟੀ ਮੈਂਬਰ ਬਣੇ
Advertisementਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਲਾਨੀ ਗਈ ਵਰਕਿੰਗ ਕਮੇਟੀ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਤੋਂ ਸ਼ਾਮਲ ਕੀਤੇ ਗਏ ਇੱਕੋ ਇੱਕ ਅਕਾਲੀ ਆਗੂ ਹਾਜੀ ਮੁਹੰਮਦ ਤੁਫੈਲ ਮਲਿਕ ਦੀ ਨਿਯੁਕਤੀ ਦਾ ਜ਼ਿਲ੍ਹੇ ਭਰ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਸਾਲ 1985 ਵਿਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹਾਜੀ ਮੁਹੰਮਦ ਤੁਫੈਲ ਮਲਿਕ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਇਸ ਵੇਲੇ ਉਹ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਅਤਿ ਕਰੀਬੀ ਆਗੂਆਂ ਵਿਚ ਸ਼ਾਮਿਲ ਮੰਨੇ ਜਾਂਦੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਕਰਮਜੀਤ ਕੌਰ ਮੰਡੀਆਂ, ਕਾਕਾ ਅਮਰਿੰਦਰ ਸਿੰਘ ਚੀਮਾਂ, ਸਾਬਕਾ ਚੇਅਰਮੈਨ ਜਥੇਦਾਰ ਮੇਘ ਸਿੰਘ ਗੁਆਰਾ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖੱਟੜਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਜਥੇਦਾਰ ਮਨਸਾਂਤ ਸਿੰਘ ਜਲਾਲਾਬਾਦ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਸਟੇਟ ਡੈਲੀਗੇਟ ਸੁਖਵਿੰਦਰ ਸਿੰਘ ਮਾਣਕੀ, ਜਥੇਦਾਰ ਜਗਵੰਤ ਸਿੰਘ ਜੱਗੀ, ਜ਼ਿਲ੍ਹਾ ਡੈਲੀਗੇਟ ਬੇਅੰਤ ਸਿੰਘ ਸੇਖੋਂ, ਸਰਪੰਚ ਕੁਲਜਿੰਦਰ ਸਿੰਘ ਬੂੰਗਾ, ਹਰਦੀਪ ਸਿੰਘ ਮੰਡੀਆਂ, ਮੁਹੰਮਦ ਨਸ਼ੀਰ ਭੱਟੀ, ਸੋਮਾਂ ਖਾਂ ਤੱਖਰ ਅਤੇ ਜਥੇਦਾਰ ਤ੍ਰਿਲੋਚਨ ਸਿੰਘ ਹਥਨ ਆਦਿ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ ਹੈ।