ਡੇਰੇ ਦਾ ਕਬਜ਼ਾ ਲੈਣ ਵਾਲਿਆਂ ਨੂੰ ਹਿਰਾਸਤ ’ਚ ਲਿਆ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 30 ਜੂਨ
ਸਥਾਨਕ ਬੱਸ ਅੱਡੇ ਨੇੜਲੇ ਡੇਰਾ ਬਾਬਾ ਨਰ ਸਿੰਘ ਦਾਸ ਕਾਲੀ ਮਾਤਾ ਮੰਦਰ ’ਤੇ ਵੱਡੀ ਗਿਣਤੀ ਸਾਥੀਆਂ ਨਾਲ ਕਬਜ਼ਾ ਕਰਨ ਪੁੱਜੇ ਡੇਰੇ ਦੇ ਮਹੰਤ ਹੋਣ ਦਾ ਦਾਅਵਾ ਕਰਨ ਵਾਲੇ ਮਹੰਤ ਇੰਦਰਜੀਤ ਦਾਸ ਅਤੇ ਵੱਡੀ ਗਿਣਤੀ ਸਥਾਨਕ ਸ਼ਰਧਾਲੂਆਂ ਸਣੇ ਮੰਦਰ ਕਮੇਟੀ ਦਰਮਿਆਨ ਅੱਜ ਸੰਭਾਵੀ ਟਕਰਾਅ ਮਾਲੇਰਕੋਟਲਾ ਪੁਲੀਸ ਅਤੇ ਸੇਵਾਮੁਕਤ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੇ ਦਖਲ ਕਾਰਨ ਟਲ ਗਿਆ।
ਮੌਕੇ ’ਤੇ ਪਹੁੰਚੀ ਪੁਲੀਸ ਨੇ ਕਥਿਤ ਮਹੰਤ ਨਾਲ ਆਏ ਕਰੀਬ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਪੁਲੀਸ ਅਧਿਕਾਰੀਆਂ ਨੇ ਮੰਦਰ ’ਤੇ ਕਬਜ਼ਾ ਕਰਨ ਪਹੁੰਚੇ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਸ਼ਰਧਾਲੂਆਂ ਦੇ ਗੁੱਸੇ ਨੂੰ ਸ਼ਾਂਤ ਕੀਤਾ।
ਮੰਦਰ ਕਮੇਟੀ ਦੇ ਪ੍ਰਧਾਨ ਅਨਿੱਲ ਮੋਦੀ, ਸੇਵਾਮੁਕਤ ਡੀਸੀ ਗੁਰਲਵਲੀਨ ਸਿੰਘ ਸਿੱਧੂ, ਕਮਲ ਗੋਇਲ ਮੋਦੀ, ਬੇਅੰਤ ਕਿੰਗਰ ਅਤੇ ਭਾਜਪਾ ਆਗੂ ਅੰਕੂ ਜਖਮੀ ਨੇ ਕਬਜ਼ੇ ਦੀ ਕਾਰਵਾਈ ਦਾ ਵਿਰੋਧ ਕੀਤਾ। ਮਾਲੇਰਕੋਟਲਾ ਪੁਲੀਸ ਦੇ ਐੱਸਪੀ (ਡੀ) ਸੱਤਪਾਲ ਸ਼ਰਮਾ, ਡੀਐੱਸਪੀ (ਡੀ) ਸਤੀਸ਼ ਕੁਮਾਰ ਅਤੇ ਡੀਐੱਸਪੀ (ਐੱਚ) ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਹਾਲਾਤ ’ਤੇ ਕਾਬੂ ਪਾਉਣ ਲਈ ਕਰੀਬ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਗੁੱਸੇ ਵਿਚ ਨਾਅਰੇਬਾਜ਼ੀ ਕਰਦੇ ਸ਼ਰਧਾਲੂਆਂ ਨੂੰ ਸ਼ਾਂਤ ਕਰਨ ਲਈ ਸੇਵਾਮੁਕਤ ਡੀਸੀ ਗੁਰਲਵਲੀਨ ਸਿੰਘ ਸਿੱਧੂ ਅਤੇ ਐਸੱਪੀ ਸੱਤਪਾਲ ਸ਼ਰਮਾ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਪੁਲੀਸ ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਸ਼ਹਿਰ ਦੇ ਅਮਨ ਨੂੰ ਲਾਂਬੂ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨੌ ਨਾਮਜ਼ਦ; ਸੌ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
ਮਾਲੇਰਕੋਟਲਾ ਪੁਲੀਸ ਨੇ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਕਮਲ ਮੋਦੀ ਦੇ ਬਿਆਨਾਂ ’ਤੇ ਮੁਹੰਮਦ ਸਕੀਲ ਵਾਸੀ ਸੱਦੋਪੁਰ, ਇੰਦਰਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੁਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਗ ਉਰਫ ਗੁਰਜੀਤ ਸਿੰਘ ਵਾਸੀ ਮਾਹਮਦਪੁਰ ਸਣੇ 9 ਵਿਅਕਤੀਆਂ ਅਤੇ ਇਕ ਸੌ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਮਾਲੇਰਕੋਟਲਾ ’ਚ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿੱਚ ਤਰਲੋਚਨ ਸਿੰਘ ਵਾਸੀ ਸਲਾਰ, ਤਰਸੇਮ ਸਿੰਘ ਵਾਸੀ ਪੰਡੋਰੀ ਥਾਣਾ ਮਹਿਲ ਕਲਾਂ, ਜੁਝਾਰ ਸਿੰਘ ਵਾਸੀ ਮਾਹਮਦਪੁਰ ਥਾਣਾ ਸ਼ੇਰਪੁਰ, ਸੁਖਵੀਰ ਸਿੰਘ ਵਾਸੀ ਪੰਡੋਰੀ ਥਾਣਾ ਮਹਿਲ ਕਲਾਂ, ਹਰਦੀਪ ਸਿੰਘ ਵਾਸੀ ਪੰਡੋਰੀ ਥਾਣਾ ਮਹਿਲ ਕਲਾਂ, ਮੁਹੰਮਦ ਕਬੀਰ ਵਾਸੀ ਜਮਾਲਪੁਰਾ ਨੂੰ ਨਾਮਜ਼ਦ ਕੀਤਾ ਹੈ।