ਰਾਜ ਕਰਨ ਵਾਲੇ ਪੰਜਾਬ ਦੇ ਉਜਾੜੇ ਲਈ ਜ਼ਿੰਮੇਵਾਰ: ਕਰੀਮਪੁਰੀ
ਸਾਬਕਾ ਰਾਜ ਸਭਾ ਮੈਂਬਰ ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ 78 ਸਾਲਾਂ ਤੋਂ ਪੰਜਾਬ ’ਚ ਰਾਜ ਕਰਦੀਆਂ ਆ ਰਹੀਆਂ ਰਾਜਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀ ਜੇ ਪੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਉਜਾੜੇ ਤੇ ਬਰਬਾਦੀ ਲਈ ਜ਼ਿੰਮੇਵਾਰ ਹਨ, ਕਿਉਂਕਿ ਇਹ ਕਸਮਾਂ ਵਾਅਦਿਆਂ ਦੇ ਬਾਵਜੂਦ ਵੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਸ੍ਰੀ ਕਰੀਮਪੁਰੀ ਅੱਜ ਲੰਘੀ 15 ਮਾਰਚ ਤੋਂ ਪਾਰਟੀ ਦੇ ਪ੍ਰਮੁੱਖ ਆਗੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੀ ‘ਪੰਜਾਬ ਸੰਭਾਲੋ’ ਮੁਹਿੰਮ ਦੇ ਦੂਜੇ ਪੜਾਅ ਤਹਿਤ ਸ਼ੇਰਪੁਰ ਦੇ ਸਨਸਿਟੀ ਕਲੋਨੀ ’ਚ ਪਾਰਟੀ ਦੇ ਲੋਕ ਸਭਾ ਹਲਕੇ ਨਾਲ ਸਬੰਧਤ ਚੋਣਵੇਂ ਤੇ ਸਰਗਰਮ ਆਗੂਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਪੰਜਾਬ ਦਾ ਸੰਕਲਪ, ਬਸਪਾ ਹੀ ਵਿਕਲਪ’ ਦਾ ਨਾਅਰਾ ਗੂੰਜਿਆਂ। ਸ੍ਰੀ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਕ ਆਗੂਆਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਸੌਹਾਂ ਖਾਧੀਆਂ ਪਰ ਨਸ਼ੇ ਕਾਰਨ ਪੰਜਾਬ ਦੇ ਘਰਾਂ ’ਚ ਵਿਛ ਰਹੇ ਸੱਥਰਾਂ ਨੂੰ ਠੱਲ੍ਹ ਨਹੀਂ ਪੈ ਸਕੀ ਕਿਉਂਕਿ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗਰੀਬ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ, ਦਲਿਤ ਪਰਿਵਾਰ ਦੋ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਜਿਹੜੇ ਥੋੜਾ ਬਹੁਤਾ ਵਪਾਰੀ ਕਾਰੋਬਾਰ ਕਰਦੇ ਹਨ, ਉਹ ਗੈਂਗਸਟਰਵਾਦ ਤੋਂ ਦੁਖੀ ਹਨ, ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਅਤੇ ਬਹੁਤੇ ਪਰਿਵਾਰਾਂ ਦੇ ਘਰ ਦੇ ਚਿਰਾਗ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਭਾਰਤ ਦੀ ਇੱਕ ਨੰਬਰ ਦੀ ਆਰਥਿਕਤਾ ਸਣੇ ਸਾਰੇ ਮਸਲਿਆਂ ਦੇ ਹੱਲ ਦਾ ਬਦਲ ਸਿਰਫ ਬਹੁਜਨ ਸਮਾਜ ਪਾਰਟੀ ਕੋਲ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਮੌਕਾ ਬਸਪਾ ਨੂੰ ਦੇਣ।
