ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਕੋਈ ਮਿਸਾਲ ਨਹੀਂ: ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ਦੀ ਲੜੀ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ 24 ਨਵੰਬਰ ਨੂੰ ਹੋ ਰਿਹਾ ਹੈ। ਸ੍ਰੀ ਸੰਧਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਲਗਾਏ ਅੱਖਾਂ ਦੇ ਵਿਸ਼ਾਲ ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸ੍ਰੀ ਸੰਧਵਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਵਿਲੱਖਣ ਸ਼ਹਾਦਤ ਦੀ ਕੋਈ ਮਿਸਾਲ ਨਹੀਂ ਹੈ। ਇਸ ਦੌਰਾਨ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਸਪੀਕਰ ਸੰਧਵਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਕੈਂਪ ਦੇ ਪ੍ਰਬੰਧਕ ਕਮਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਇਸ ਕੈਂਪ ਵਿਚ 500 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ, ਜਿਸ ਵਿੱਚ 300 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 100 ਦੇ ਕਰੀਬ ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਕੈਨੇਡਾ ਵੱਲੋਂ ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ, ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਪ੍ਰਬੰਧਕ ਕਮੇਟੀ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸੁਖਮਨੀ ਸੋਸਾਇਟੀ, ਉੱਨਤ ਭਾਰਤ ਅਭਿਆਨ ਸਲਾਇਟ, ਹਰੀਹਰ ਹਸਪਤਾਲ ਲੌਂਗੋਵਾਲ, ਬਰਾਸ਼ ਫਾਊਂਡੇਸ਼ਨ ਅਤੇ ਪਾਵਣ ਯੋਗ ਮੇਕ ਬੈਟਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਾਇਆ ਗਿਆ।
