ਅਕਾਲੀ ਦਲ ਨਾਲ ਗੱਠਜੋੜ ਬਾਰੇ ਭਾਜਪਾ ’ਚ ਕੋਈ ਚਰਚਾ ਨਹੀਂ: ਬਾਜਵਾ
ਭਾਜਪਾ ਦੇ ਸੀਨੀਅਰ ਆਗੂ ਫ਼ਤਹਿਜੰਗ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਪਾਰਟੀ ਦੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪੰਜ ਮੈਂਬਰੀ ਕਮੇਟੀ ਨਾਲ ਭਵਿੱਖ ਵਿੱਚ ਕਿਸੇ ਵੀ ਗੱਠਜੋੜ ਸਬੰਧੀ ਕੋਈ ਵਾਰਤਾ ਨਹੀਂ ਹੋਈ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਚਰਚਾ ਪਾਰਟੀ ਅੰਦਰ ਹੀ ਹੋਈ ਹੈ। ਉਹ ਭਾਜਪਾ ਦੇ ਸੀਨੀਅਰ ਆਗੂ ਤੇ ਆਪਣੇ ਪੁਰਾਣੇ ਮਿੱਤਰ ਹਰਵਿੰਦਰ ਸਿੰਘ ਹਰਪਾਲਪੁਰ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰ ਰਹੇ ਸਨ।
ਬਾਜਵਾ ਨੇ ਕਿਹਾ ਕਿਹਾ ਕਿ ਅਕਾਲੀ ਦਲ ਤੇ ਪੰਜ ਮੈਂਬਰੀ ਵਾਲੇ ਆਪੋ-ਆਪਣੇ ਕਾਡਰ ਨੂੰ ਸੰਭਾਲਣ ਲਈ ਤੇ ਦੂਜੀਆਂ ਪਾਰਟੀਆਂ ਵਿੱਚ ਭੱਜਣ ਤੋਂ ਰੋਕਣ ਲਈ ਭਾਜਪਾ ਨਾਲ ਸਮਝੌਤੇ ਦਾ ਰਾਗ ਅਲਾਪ ਰਹੇ ਹਨ ਤਾਂ ਜੋ ਉਨ੍ਹਾਂ ਦੇ ਵਰਕਰ ਪਾਰਟੀ ਨਾਲ ਹੀ ਖੜ੍ਹੇ ਰਹਿਣ। ਬਾਜਵਾ ਨੇ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਦੋਵੇਂ ਧਿਰਾਂ ਇਕ -ਦੂਜੇ ਉੱਤੇ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਉਂਦੀਆਂ ਸਨ। ਹੁਣ ਭਾਜਪਾ ਨਾਲ ਗੱਠਜੋੜ ਲਈ ਇੱਕ ਦੂਜੇ ਤੋਂ ਉਤਾਵਲੀਆਂ ਹੋ ਰਹੀਆਂ ਹਨ ਜਿਸ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਦੀਆਂ ਸਾਰੀ ਸੀਟਾਂ ਆਪਣੇ ਦਮ ’ਤੇ ਲੜੀਆਂ ਸਨ ਸੀ ਅਤੇ ਵਿਧਾਨ ਸਭਾ ਚੋਣਾਂ ਵੀ ਆਪਣੇ ਦਮ ’ਤੇ ਲੜੇਗੀ।
ਅਖ਼ੀਰ ਵਿਚ ਹਰਪਾਲਪੁਰ ਨੇ ਫ਼ਤਿਹਜੰਗ ਸਿੰਘ ਬਾਜਵਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਭਾਜਪਾ ਆਗੂ ਡਾ. ਨੰਦ ਲਾਲ, ਸਾਬਕਾ ਚੇਅਰਮੈਨ ਜਗਦੀਸ਼ ਜੱਗਾ, ਯਸ਼ਪਾਲ ਟੰਡਨ, ਗੁਰਪ੍ਰੀਤ ਸਿੰਘ ਬਾਵਾ ਚਨਾਰਥਲ ਅਤੇ ਰੁਪਿੰਦਰ ਸਿੰਘ ਰੂਬੀ ਸਾਬਕਾ ਮੈਂਬਰ ਬਲਾਕ ਸੰਮਤੀ ਵੀ ਮੌਜੂਦ ਸਨ।