ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ
ਸ਼ੇਰਪੁਰ ਦੇ ਪਿੰਡਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੋਟਰਾਂ ਤੋਂ ਟਰਾਂਸਫਾਰਮਰ ਅਤੇ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ ਜਿਸ ਨੇ ਬੀਤੀ ਰਾਤ ਪਿੰਡ ਕਾਲਾਬੂਲਾ ਦੀ ਹਦੂਦ ਅਤੇ ਸ਼ੇਰਪੁਰ-ਅਲਾਲ ਰੋੜ ਸੜਕ ਦੇ ਨੇੜੇ ਪੈਂਦੀਆਂ ਚਾਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਤੇ ਹੋਰ ਸਾਮਾਨ ਚੋਰੀ ਕਰ ਲਿਆ। ਪਿੰਡ ਕਾਲਾਬੂਲਾ ਦੇ ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੋਠੇ ਤੋਂ ਮੋਟਰ ਤੱਕ ਜਾਂਦੀ 10 ਮੀਟਰ ਕੇਬਲ ਤਾਰ ਚੋਰੀ ਕਰ ਲਈ ਗਈ ਜਦੋਂ ਕਿ ਨਾਲ ਲਗਦੀਆਂ ਹੋਰ ਮੋਟਰਾਂ ਤੋਂ ਕਿਸਾਨ ਸੁਰਜੀਤ ਸਿੰਘ ਦੇ ਖੇਤ ’ਚੋਂ 30 ਮੀਟਰ, ਅਮਰੀਕ ਸਿੰਘ ਦੇ ਖੇਤ ’ਚੋਂ 20 ਮੀਟਰ ਤਾਰ ਚੋਰੀ ਕਰ ਲਈ ਗਈ। ਇਸੇ ਤਰ੍ਹਾਂ ਕਿਸਾਨ ਹਰਦੀਪ ਸਿੰਘ ਦੇ ਖੇਤ ’ਚੋਂ 30 ਮੀਟਰ ਕੇਬਲ ਤਾਰ, ਪਿੱਤਲ ਦੇ ਭਾਂਡੇ ਅਤੇ ਦੋ ਸੌ ਫੁੱਟ ਤੋਂ ਵੱਧ ਟਿਊਬ ਪਾਈਪ ਚੋਰੀ ਹੋ ਗਿਆ ਜਦੋਂ ਕਿ ਪਿੰਡ ਕਾਲਾਬੂਲਾ ਦੀ ਵਾਟਰ ਵਰਕਸ ਤੋਂ ਵੀ ਕੇਬਲ ਤਾਰ ਵੱਢੀ ਗਈ ਹੈ। ਥਾਣੇ ਰਿਪੋਰਟ ਦੇਣ ਸਬੰਧੀ ਪੁੱਛੇ ਜਾਣ ’ਤੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਬਹੁਤ ਕਿਸਾਨ ਰਿਪੋਰਟਾਂ ਦੇ ਚੁੱਕੇ ਹਨ ਜਿਸ ਕਰਕੇ ਰਿਪੋਰਟ ਦੇਣ ਦਾ ਕੋਈ ਫਾਇਦਾ ਨਹੀਂ ਜਾਪਦਾ।