ਅਧਿਆਪਕਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ
ਨਾਭਾ, 1 ਅਗਸਤ
ਇੱਥੇ ਅਧਿਆਪਕਾਂ ਨੇ ਤਿੰਨ ਮਹੀਨਿਆਂ ਤੋਂ ਮਨੀਪੁਰ ਵਿੱਚ ਜਾਰੀ ਹਿੰਸਾ ਅਤੇ ਮਹਿਲਾਵਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਂਝੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਅਧਿਆਪਕ ਵਰਗ ਨੇ ਅੱਜ ਸੜਕਾਂ ’ਤੇ ਆ ਕੇ ਮੁਜ਼ਾਹਰਾ ਕੀਤਾ। ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੀ ਨਾਭਾ ਇਕਾਈ ਦੇ ਅਗਵਾਈ ਵਿੱਚ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਸਥਾਨਕ ਪਟਿਆਲਾ ਗੇਟ ਬੱਸ ਸਟਾਪ ’ਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਤੇ ਬਾਜ਼ਾਰ ਵਿੱਚੋਂ ਰੋਸ ਮਾਰਚ ਕੱਢਿਆ ਗਿਆ।
ਭਾਜਪਾ ਉੱਪਰ ਫ਼ਿਰਕੂ ਸਿਆਸਤ ਦੇ ਦੋਸ਼ ਲਾਉਂਦਿਆਂ ਡੀਟੀਐੱਫ ਨਾਭਾ ਇਕਾਈ ਦੇ ਪ੍ਰਧਾਨ ਰਾਮਸ਼ਰਨ ਅਲੋਹਰਾਂ, ਸਕੱਤਰ ਭਜਨ ਸਿੰਘ ਨੌਹਰਾ, ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਗੁਰਧਿਆਨ ਨੇ ਕਿਹਾ ਕਿ ਮਨੀਪੁਰ ਵਿੱਚ ਇਸ ਮਾਹੌਲ ਉੱਪਰ ਸਰਕਾਰ ਅਜੇ ਵੀ ਸੰਜੀਦਾ ਨਜ਼ਰ ਨਹੀਂ ਆ ਰਹੀ ਤੇ ਜੁਆਬਦੇਹੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੇ ਰਵੱਈਏ ਕਾਰਨ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ।
ਅਧਿਆਪਕਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪੁਲੀਸ ਬਚਾਅ ਦੀ ਥਾਂ ਸੁਰੱਖਿਆ ਦੀ ਮੰਗ ਕਰਨ ਵਾਲਿਆਂ ਨੂੰ ਇੱਕ ਧਿਰ ਦੇ ਹਵਾਲੇ ਕਰਦੀ ਰਹੀ।