ਪ੍ਰਧਾਨ ਨੂੰ ਹਟਾਉਣ ਲਈ ਅਲਟੀਮੇਟਮ ਦੀ ਦੂਜੀ ਮਿਆਦ ਵੀ ਲੰਘੀ
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਨਗਰ ਕੌਂਸਲ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਸਮੇਤ ਨੌਂ ਨਗਰ ਕੌਂਸਲਰਾਂ ਵਲੋਂ ਭਾਵੇਂ ਪਾਰਟੀ ਹਾਈਕਮਾਨ ਨੂੰ ਦਿੱਤੇ ਅਲਟੀਮੇਟਮ ਦੀ ਅੱਜ ਦੂਜੀ ਮਿਆਦ ਵੀ ਖਤਮ ਹੋ ਗਈ ਹੈ ਪਰੰਤੂ ਬਾਗੀ ਤੇਵਰ ਹਾਲੇ ਠੰਢੇ ਨਹੀਂ ਪਏ। ‘ਆਪ ’ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਬਗਾਵਤ ਕੀਤੀ ਹੋਈ ਹੈ ਜਿਨ੍ਹਾਂ ਨੇ ਪਾਰਟੀ ਹਾਈਕਮਾਨ ਨੂੰ 30 ਸਤੰਬਰ ਤੱਕ ਅਲਟੀਮੇਟਮ ਦਿੱਤਾ ਸੀ ਕਿ ਜੇਕਰ 30 ਸਤੰਬਰ ਤੱਕ ਨਗਰ ਕੌਂਸਲਰ ਪ੍ਰਧਾਨ ਤੋਂ ਅਸਤੀਫਾ ਲੈ ਕੇ ਅਹੁਦੇ ਤੋਂ ਲਾਂਭੇ ਨਾ ਕੀਤਾ ਗਿਆ ਤਾਂ ਉਹ ਅਸਤੀਫ਼ਾ ਦੇ ਕੇ ਪਾਰਟੀ ਨੂੰ ਅਲਵਿਦਾ ਆਖ਼ ਜਾਣਗੇ। ਪਹਿਲੇ ਅਲਟੀਮੇਟਮ ਦੀ ਮਿਆਦ 30 ਸਤੰਬਰ ਨੂੰ ਖਤਮ ਹੋ ਗਈ ਸੀ। ਅਲਟੀਮੇਟਮ ਦੀ ਮਿਆਦ 3 ਅਕਤੂਬਰ ਤੱਕ ਵਧਾ ਦਿੱਤੀ ਸੀ ਪਰੰਤੂ ਅੱਜ ਦੂਜੀ ਮਿਆਦ ਵੀ ਖਤਮ ਹੋ ਗਈ ਹੈ।
ਜਾਣਕਾਰੀ ਅਨੁਸਾਰ ਪਾਰਟੀ ਵਲੋਂ ਬਗਾਵਤੀ ਸੁਰਾਂ ਨੂੰ ਸ਼ਾਂਤ ਕਰਨ ਲਈ ਅਤੇ ਨਗਰ ਕੌਂਸਲ ਸੰਗਰੂਰ ’ਚ ਉਲਝੀ ਸਿਆਸੀ ਤਾਣੀ ਨੂੰ ਕਿਸੇ ਤਣ ਪੱਤਣ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰ ਸੂਤਰਾਂ ਅਨੁਸਾਰ ਅੱਜ ਨਗਰ ਕੌਂਲਸਰਾਂ ਨੂੰ ਉਮੀਦ ਸੀ ਕਿ ਪਾਰਟੀ ਵਲੋਂ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ ਅਤੇ ਪ੍ਰਧਾਨ ਤੋਂ ਅਸਤੀਫਾ ਲੈ ਲਿਆ ਜਾਵੇਗਾ ਪਰੰਤੂ ਹੁਣ ਪਾਰਟੀ ਵਲੋਂ ਮੁੜ ਮਸਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਗਿਆ ਹੈ। ਪਾਰਟੀ ਵਲੋਂ ਮਾਮਲਾ ਅੱਗੇ ਅੱਗੇ ਪਾ ਕੇ ਲਟਕਾਉਣ ਤੋਂ ਖਫ਼ਾ ਨਗਰ ਕੌਂਸਲਰਾਂ ਵਲੋਂ ਅੱਜ ਇਕੱਠੇ ਹੋ ਕੇ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਇੱਕ ਨਗਰ ਕੌਂਸਲਰ ਨੇ ਦੱਸਿਆ ਕਿ ਮਾਮਲਾ ਪਾਰਟੀ ਹਾਈਕਮਾਨ ਦੇ ਦਿੱਲੀ ਦਰਬਾਰ ਤੱਕ ਵੀ ਪੁੱਜ ਗਿਆ ਸੀ ਜਿਨ੍ਹਾਂ ਵਲੋਂ ਫੋਨ ਕਰਕੇ ਇੱਕ-ਦੋ ਦਿਨ ਵਿਚ ਮਾਮਲਾ ਨਿਬੇੜਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਨਗਰ ਕੌਂਸਲਰਾਂ ਨੂੰ ਸ਼ਾਂਤ ਕਰਕੇ ਅੱਜ ਦਾ ਅਲਟੀਮੇਟਮ ਲੰਘਾ ਦਿੱਤਾ ਹੈ ਪਰੰਤੂ ਨਗਰ ਕੌਂਸਲਰਾਂ ਦੇ ਬਾਗੀ ਤੇਵਰ ਜਿਉਂ ਦੀ ਤਿਉਂ ਬਣੇ ਹੋਏ ਹਨ।