ਨਾਟਕ ‘ਛੱਲਾ’ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਸਵਰਗੀ ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਕੌਮੀ ਨਾਟਕ ਮੇਲੇ ਦੇ ਤੀਸਰੇ ਦਿਨ ਕਾਲੀਦਾਸ ਆਡੀਟੋਰੀਅਮ ਵਿੱਚ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਕਲਾਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਦੇ ਨਿਰਦੇਸ਼ਨ ਹੇਠ ਨਾਟਕ ‘ਛੱਲਾ’ ਸ਼ਾਨਦਾਰ ਮੰਚਨ ਕੀਤਾ ਗਿਆ ਜਿਸ ਨੇ ਦਰਸ਼ਕਾਂ ਦੇ ਮਨਾਂ ’ਤੇ ਡੂਘੀ ਛਾਪ ਛੱਡੀ। ਨਾਟਕ ਦਾ ਸਮੁੱਚਾ ਘਟਨਾਕ੍ਰਮ ਉਨ੍ਹਾਂ ਸਾਰੇ ਛੱਲਿਆਂ ਦੇ ਨਾਂ ਰਿਹਾ ਜੋ ਘਰਾਂ ਤੋਂ ਜ਼ਿੰਦਗੀ ਦਾ ਚਿਨਾਬ ਤਰਨ ਨਿਕਲੇ ਸਨ ਪਰ ਸਿਸਟਮ ਦੀ ਹਨੇਰੀ ਉਨ੍ਹਾਂ ਨੂੰ ਰਾਹਾਂ ਵਿੱਚ ਹੀ ਨਿਗਲ ਗਈ ਅਤੇ ਇਹ ਦੁਆ ਕੀਤੀ ਗਈ ਕਿ ਮੁੜ ਧਰਤੀ ਦੇ ਕਿਸੇ ਵੀ ਕੋਨੇ ’ਤੇ ਛੱਲੇ ਨਾ ਜੰਮਣ। ਨਾਟਕ ਵਿੱਚ 2014 ਵਿੱਚ ਇਰਾਕ ਦੇ ਸ਼ਹਿਰ ਮਸੂਲ ਵਿੱਚੋਂ ਆਈ ਐੱਸ (ਇਸਲਾਮਿਕ ਸਟੇਟ) ਜਥੇਬੰਦੀ ਦੁਆਰਾ ਅਗਵਾ ਕੀਤੇ 40 ਛੱਲਿਆਂ (ਭਾਰਤੀ ਨੌਜਵਾਨਾਂ) ਦਾ ਵੀ ਜ਼ਿਕਰ ਕੀਤਾ ਗਿਆ। ਇਨ੍ਹਾਂ ਵਿੱਚੋਂ 39 ਨੂੰ ਆਈ ਐੱਸ ਨੇ ਗੋਲੀਆਂ ਨਾਲ ਉਡਾ ਦਿੱਤਾ ਸੀ। ਜਿਹੜਾ ਇੱਕ ਬਚ ਗਿਆ ਸੀ ਉਸ ਨੇ ਇਸ ਨਾਟਕ ਦੇ ਕਲਪਿਤ ਪਾਤਰ ਪ੍ਰੋਫੈਸਰ ਦੇ ਰੂਪ ਵਿੱਚ ਆਪਣੀ ਹੱਡ ਬੀਤੀ ਸੁਣਾਈ। ਨਾਟਕ ਦੇ ਇਸ ਦੁਖਾਂਤ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਵੀਰ ਸਿੰਘ ਕਥੂਰੀਆ ਸ਼ਾਮਲ ਹੋਏ।
