ਸ਼ੇਰਪੁਰ ਅਤੇ ਨੇੜਲੇ ਪਿੰਡਾਂ ’ਚ ਬੁਖਾਰ ਤੇ ਪਲੇਟਲੈੱਟਸ ਘਟਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ
ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਅਧੀਨ ਪੈਂਦੇ ਕਸਬੇ ਤੇ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਬੁਖਾਰ ਤੇ ਪਲੇਟਲੈੱਟਸ ਘਟਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਦੇ ਪ੍ਰਬੰਧ ਤੁੱਛ ਜਾਪ ਰਹੇ ਹਨ ਜਦਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਅ ਲਈ ਸਕੂਲਾਂ ਵਿੱਚ ਫੌਗਿੰਗ ਕਰਵਾਉਣ ਦੀ ਮੰਗ ਵੀ ਉੱਠਣ ਲੱਗੀ ਹੈ। ਜਾਣਕਾਰੀ ਅਨੁਸਾਰ ਇਲਾਕੇ ਅੰਦਰ ਤਕਰੀਬਨ ਹਰ ਤੀਜੇ ਘਰ ਬੁਖਾਰ ਤੇ ਪਲੇਟਲੈੱਟਸ ਸੈੱਲ ਘਟਣ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ ਜਿਸ ਸਬੰਧੀ ਸਿਹਤ ਵਿਭਾਗ ਵੱਲੋਂ ਜਿੱਥੇ ਮਲੇਰੀਆ, ਚਿਕਨਗੁਨੀਆ ਦੀ ਸ਼ਨਾਖ਼ਤ ਲਈ ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਕੇ ਰਿਪੋਰਟ ਪ੍ਰਾਪਤ ਕਰਨੀ ਹੁੰਦੀ ਹੈ, ਉੱਥੇ ਡੇਂਗੂ ਦੀ ਸ਼ਨਾਖਤ ਲਈ ਪਹਿਲਾਂ ਅਲੀਜਾ ਟੈਸਟ ਲਈ ਸੰਗਰੂਰ ਹਸਪਤਾਲ ਖੂਨ ਦੇ ਨਮੂਨੇ ਭੇਜੇ ਜਾਂਦੇ ਰਹੇ ਹਨ। ਪੰਚ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਗਊਸ਼ਾਲਾ ਕੋਲੋਂ ਮਸ਼ੀਨ ਲਿਆ ਕੇ ਆਪਣੇ ਵਾਰਡ ਨੰਬਰ 5 ਵਿੱਚ ਫੌਗਿੰਗ ਕਰਵਾਈ ਗਈ ਹੈ ਜਾਂ ਨਸ਼ਾ ਰੋਕੂ ਕਮੇਟੀ ਦੇ ਨੌਜਵਾਨਾਂ ਨੇ ਕੁੱਝ ਥਾਵਾਂ ’ਤੇ ਫੌਗਿੰਗ ਕਰਵਾਈ ਹੈ ਪਰ ਵਿਭਾਗ ਦੀ ਕਾਰਵਾਈ ਸਾਹਮਣੇ ਨਹੀਂ ਆਈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਜੀਤ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਮਗਰੋਂ ਖੁੱਲ੍ਹੇ ਸਰਕਾਰੀ ਸਕੂਲਾਂ ਵਿੱਚ ਫੌਗਿੰਗ ਜਾਂ ਦਵਾਈਆਂ ਦੇ ਸਪਰੇਅ ਕਰਵਾਏ ਜਾਣ ਦਾ ਉਪਰਾਲਾ ਕਈ ਥਾਈਂ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਸਿਹਤ ਵਿਭਾਗ ਨੂੰ ਸਕੂਲਾਂ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਸਰਕਾਰੀ ਸਕੂਲਾਂ ਵਿੱਚ ਮੱਛਰਾਂ ਦੀ ਰੋਕਥਾਮ ਲਈ ਉਪਰਾਲੇ ਕੀਤੇ ਗਏ ਹਨ: ਐੱਸ ਐੱਮ ਓ
ਨਵੇਂ ਆਏ ਐੱਸ ਐੱਮ ਓ ਸ਼ੇਰਪੁਰ ਡਾ. ਜਸਦੀਪ ਸਿੰਘ ਨੇ ਸਬੰਧਤ ਕਰਮਚਾਰੀਆਂ ਵੱਲੋਂ ਮੌਕੇ ’ਤੇ ਹੀ ਪ੍ਰਾਪਤ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਲਾਰਵੇ ਸਬੰਧੀ ਟੀਮਾਂ ਇੱਕ ਰਾਊਂਡ ਪੂਰਾ ਕਰ ਚੁੱਕੀਆਂ ਹਨ ਤੇ ਸਰਕਾਰੀ ਸਕੂਲਾਂ ਵਿੱਚ ਮੱਛਰ ਦੀ ਰੋਕਥਾਮ ਲਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਏ ਜਾਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਕਰਮਚਾਰੀਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਮੱਛਰਾਂ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਦੀ ਖ਼ੁਦ ਪੜਤਾਲ ਕਰਨਗੇ।