ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਗਰੂਰ ਦੇ ਬਾਜ਼ਾਰਾਂ ’ਚ ਰੌਣਕ ਪਰਤੀ

ਜ਼ਿਲ੍ਹੇ ’ਚ ਹਾਲਾਤ ਸ਼ਾਂਤੀਪੂਰਨ; ਸਹਿਯੋਗ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਦਾ ਧੰਨਵਾਦ
ਸੰਗਰੂਰ ਸ਼ਹਿਰ ਦੇ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਪੁੱਜੇ ਲੋਕ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 12 ਮਈ

Advertisement

ਭਾਰਤ-ਪਾਕਿ ਵਿਚਕਾਰ ਗੋਲੀਬੰਦੀ ਹੋਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿਚ ਸਥਿਤੀ ਆਮ ਵਰਗੀ ਬਣ ਗਈ ਹੈ। ਬਾਜ਼ਾਰਾਂ ਵਿਚ ਖੂਬ ਚਹਿਲ-ਪਹਿਲ ਹੈ ਅਤੇ ਰਾਸ਼ਨ ਦੀਆਂ ਦੁਕਾਨਾਂ ’ਤੇ ਹੁਣ ਆਮ ਵਾਂਗ ਕੰਮ-ਕਾਰ ਹੈ। ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਸੀ ਜਿਸ ਦੌਰਾਨ ਰਾਸ਼ਨ ਵਾਲੀਆਂ ਦੁਕਾਨਾਂ ਆਦਿ ਉਪਰ ਲੋਕਾਂ ਦੀ ਭੀੜ ਲੱਗ ਗਈ ਸੀ ਪਰ ਹੁਣ ਪਿਛਲੇ ਦਿਨਾਂ ਵਾਲੀ ਲੋਕਾਂ ਦੀ ਭੀੜ ਨਜ਼ਰ ਨਹੀਂ ਆ ਰਹੀ ਅਤੇ ਹਾਲਾਤ ਆਮ ਵਾਂਗ ਨਜ਼ਰ ਆਏ। ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਪ੍ਰਸ਼ਾਸਨ ਨਾਲ ਸਹਿਯੋਗ ਬਦਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਹਾਲਾਤ ਪੂਰੀ ਤਰਾਂ ਸ਼ਾਂਤੀਪੂਰਨ ਹਨ। ਉਨ੍ਹਾਂ ਕਿਹਾ ਕਿ ਲੋਕ ਆਮ ਸਮੇਂ ਵਾਂਗ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਦੇ ਹਨ। ਹਾਲਾਂਕਿ, ਡਰੋਨ ਉਡਾਉਣ ’ਤੇ ਪਾਬੰਦੀ ਲਾਗੂ ਹੈ ਅਤੇ ਜ਼ਿਲ੍ਹੇ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਡਰੋਨ ਉਡਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰੱਖਿਆ ਅਧਿਕਾਰੀਆਂ ਨਾਲ ਨਿਯਮਤ ਸੰਪਰਕ ਵਿਚ ਹੈ। ਕਿਸੇ ਵੀ ਜ਼ਰੂਰਤ ਦੀ ਸਥਿਤੀ ਵਿੱਚ ਪ੍ਰਸ਼ਾਸਨ ਜਨਤਾ ਨੂੰ ਸੂਚਿਤ ਕਰੇਗਾ ਅਤੇ ਤੁਰੰਤ ਲੋੜੀਂਦੀ ਕਾਰਵਾਈ ਕਰੇਗਾ। ਉਨਾਂ ਕਿਹਾ ਕਿ ਸਕੂਲ ਅਤੇ ਕਾਲਜ ਕੱਲ੍ਹ (13 ਮਈ , 2025) ਤੋਂ ਆਮ ਤੌਰ ’ਤੇ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਚਾਲੂ ਕੀਤੇ ਕੰਟਰੋਲ ਰੂਮ ਨੰਬਰਾਂ 01672-234128, 80545-45100, 80545-45200 ਉੱਤੇ ਸੰਪਰਕ ਕਰਨਾ ਚਾਹੀਦਾ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏਡੀਸੀ ਅਮਿਤ ਬੈਂਬੀ ਨੇ ਦੱਸਿਆ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜ਼ਿਲ੍ਹਾ ਸੰਗਰੂਰ ਵਿਚ ਕੁਇਕ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਸਮੂਹ ਉਪ ਮੰਡਲ ਮੈਜਿਸਟਰੇਟਸ, ਜ਼ਿਲ੍ਹਾ ਸੰਗਰੂਰ ਨੂੰ ਸਬ ਡਵੀਜ਼ਨ ਅਧੀਨ ਟੀਮਾਂ ਦਾ ਨੋਡਲ ਅਫਸਰ ਨਿਯੁਕਤ ਕੀਤਾ ਹੈ। ਜ਼ਿਲ੍ਹਾ ਸੰਗਰੂਰ ਅਧੀਨ ਪੈਂਦੀਆਂ ਸਬ ਡਵੀਜ਼ਨਾਂ ’ਚ ਉਪ ਮੰਡਲ ਸੰਗਰੂਰ, ਧੂਰੀ, ਭਵਾਨੀਗੜ੍ਹ, ਦਿੜਬਾ, ਲਹਿਰਾ, ਮੂਨਕ ਤੇ ਸੁਨਾਮ ਊਧਮ ਸਿੰਘ ਵਾਲਾ ਸ਼ਾਮਲ ਹਨ। ਹਰ ਸਬ ਡਵੀਜ਼ਨ ਵਿਚ ਸਬ ਡਵੀਜ਼ਨ ਦਾ ਡੀਐੱਸਪੀ, ਬੀਡੀਪੀਓ, ਕਾਰਜਸਾਧਕ ਅਫ਼ਸਰ, ਐੱਸਐੱਮਓ, ਐੱਸਡੀਓ ਲੋਕ ਨਿਰਮਾਣ ਵਿਭਾਗ ਤੇ ਜ਼ਿਲ੍ਹਾ ਫਾਇਰ ਅਫ਼ਸਰ ਤੇ ਸਬ ਫਾਇਰ ਅਫ਼ਸਰ ਤਾਇਨਾਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਸੰਗਰੂਰ ਦੀ ਟੀਮ ਵਿਚ ਡੀਐੱਸਪੀ ਸੁਖਦੇਵ ਸਿੰਘ (8054545007), ਤਹਿਸੀਲਦਾਰ ਜਗਤਾਰ ਸਿੰਘ, (9463577649), ਬੀਡੀਪੀਓ ਗੁਰਦਰਸ਼ਨ ਸਿੰਘ (8198800940), ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ (9646060802), ਐੱਸਐੱਮਓ ਕਰਮਦੀਪ ਕਾਹਲ (9855721070), ਐੱਸਡੀਓ ਲੋਕ ਨਿਰਮਾਣ ਲਵਜੀਤ ਸਿੰਘ (9464705857) ਅਤੇ ਜ਼ਿਲ੍ਹਾ ਫਾਇਰ ਅਫਸਰ ਹਰਿੰਦਰ ਪਾਲ ਸਿੰਘ (9501904790), ਰਾਣਾ ਨਰਿੰਦਰ ਸਬ ਫਾਇਰ ਅਫਸਰ (8558835167) ਨੂੰ ਸ਼ਾਮਲ ਕੀਤਾ ਗਿਆ ਹੈ।

‘ਜੰਗ ਨਹੀਂ, ਅਮਨ ਚਾਹੀਦਾ ਹੈ’ ਦੇ ਨਾਅਰੇ ਹੇਠ ਪ੍ਰਦਰਸ਼ਨ

ਮਹਿਲਾਂ ਚੌਕ ’ਚ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਯੂਨੀਅਨ ਦੇ ਕਾਰਕੁੁਨ।

ਸੁਨਾਮ ਊਧਮ ਸਿੰਘ ਵਾਲਾ/ਦਿੜ੍ਹਬਾ ਮੰਡੀ (ਬੀਰਇੰਦਰ ਸਿੰਘ ਬਨਭੌਰੀ/ਰਣਜੀਤ ਸਿੰਘ ਸ਼ੀਤਲ): ‘ਜੰਗ ਨਹੀਂ, ਅਮਨ ਚਾਹੀਦਾ ਹੈ’ ਦੇ ਨਾਅਰੇ ਨੂੰ ਲੈਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਇੱਥੋਂ ਨੇੜਲੇ ਕਸਬੇ ਮਹਿਲਾਂ ਚੌਕ ਵਿੱਚ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪਹਿਲਗਾਮ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਅਤੇ ਚੱਲ ਰਹੀ ਜੰਗ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੀ ਮੰਗ ਉਠਾਈ। ਹਰਜੀਤ ਸਿੰਘ ਮਹਿਲਾਂ ਅਤੇ ਅਮਨਦੀਪ ਸਿੰਘ ਨੇ ਕਿਹਾ ਕੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਸਗੋਂ ਜੰਗ ਨਾਲ ਹਮੇਸ਼ਾ ਬਰਬਾਦੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਸੈਲਾਨੀਆਂ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਥਾਂ ਇੰਟੈਲੀਜੈਂਸੀ ਦੇ ਫੇਲੀਅਰ ਦੀ ਪੜਤਾਲ ਕਰਨ ਦੀ ਬਜਾਏ ਨਿਹੱਥੇ ਲੋਕਾਂ ਉੱਤੇ ਜੰਗ ਥੋਪੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਵੱਲੋਂ ਜੰਗ ਲਾਉਣ ਅਤੇ ਬੰਦ ਕਰਾਉਣ ਦੀ ਰਾਜਨੀਤੀ ਖੇਡ ਕੇ ਅਮਰੀਕੀ ਸਾਮਰਾਜੀਆਂ ਨਾਲ ਟੈਕਸ ਵਪਾਰ ਮੁਕਤ ਦੇ ਸਮਝੌਤੇ ਕੀਤੇ ਜਾ ਰਹੇ ਹਨ ਜੋ ਕਿ ਰੱਦ ਕੀਤੇ ਜਾਣ। ਇਸ ਮੌਕੇ ਜਗਜੀਤ ਸਿੰਘ, ਗੁਰਸੇਵਕ ਸਿੰਘ, ਜਗਦੀਪ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਕੌਰ ਅਤੇ ਗੁਰਦੇਵ ਕੌਰ ਹਾਜ਼ਰ ਸਨ।

Advertisement