ਮੀਂਹ ਕਾਰਨ ਪਸ਼ੂਆਂ ਦਾ ਵਰਾਂਡਾ ਤੇ ਮਕਾਨ ਦੀ ਕੰਧ ਡਿੱਗੀ
ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਮਕਾਨਾਂ ਦਾ ਨੁਕਸਾਨ ਹੋ ਰਿਹਾ ਹੈ। ਅਜਿਹੇ ਮੌਸਮ ਵਿਚ ਜਿਥੇ ਮਕਾਨਾਂ ਦੀਆਂ ਛੱਤਾਂ ’ਚੋਂ ਪਾਣੀ ਤਿਪਕ ਰਿਹਾ ਹੈ ਉਥੇ ਮਕਾਨ ਵੀ ਢਹਿ ਰਹੇ ਹਨ। ਚੀਮਾਂ ਮੰਡੀ ਨੇੜਲੇ ਪਿੰਡ ਤੋਲਾਵਾਲ ਵਿੱਚ ਬੀਤੀ ਰਾਤ ਮੀਂਹ ਕਾਰਨ ਇੱਕ ਗਰੀਬ ਕਿਸਾਨ ਦਾ ਪਸ਼ੂਆਂ ਵਾਲਾ ਵਰਾਂਡਾ ਢਹਿ ਗਿਆ। ਇਸੇ ਤਰ੍ਹਾਂ ਪਿੰਡ ਬਡਰੁੱਖਾਂ ਵਿੱਚ ਇੱਕ ਮਕਾਨ ਦੀ ਕੰਧ ਢਹਿ ਗਈ ਪਰ ਦੋਵੇਂ ਥਾਵਾਂ ’ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਤੋਲਾਵਾਲ ਵਿੱਚ ਗੱਲਬਾਤ ਦੌਰਾਨ ਕਿਸਾਨ ਹਰੀ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਉਸ ਦੇ ਇੱਟ-ਬਾਲਿਆਂ ਦੀ ਛੱਤ ਵਾਲਾ ਮਕਾਨ ਬੁਰੀ ਤਰ੍ਹਾਂ ਚੋਅ ਰਿਹਾ ਹੈ ਅਤੇ ਡਰ ਦੇ ਛਾਏ ਹੇਠ ਬੜੀ ਮੁਸ਼ਕਲ ਨਾਲ ਉਹ ਘਰ ਵਿਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਸ ਦੇ ਘਰ ਵਿਚ ਪਸ਼ੂਆਂ ਵਾਲਾ ਸੱਤ ਖਣਾਂ ਦਾ ਵਰਾਂਡਾ ਢਹਿ ਗਿਆ ਪਰ ਕਿਸੇ ਪਸ਼ੂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੂਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਪਸ਼ੂਆਂ ਲਈ ਜਗਾਹ ਬਣਾ ਸਕੇ। ਬਡਰੁੱਖਾਂ ਦੇ ਵਾਰਡ ਨੰਬਰ 6 ਵਿਚ ਬੀਤੀ ਰਾਤ ਕਿਸਾਨ ਕਰਨੈਲ ਸਿੰਘ ਦੇ ਖਾਲੀ ਪਏ ਖਸਤਾ ਹਾਲਤ ਮਕਾਨ ਦੀ ਕੰਧ ਢਹਿ ਗਈ। ਕੰਧ ਢਹਿ ਕੇ ਗਲੀ ਵਿਚ ਡਿੱਗ ਪਈ ਅਤੇ ਦੂਰ ਤੱਕ ਇੱਟਾਂ ਖਿੱਲਰ ਗਈਆਂ। ਜੇਕਰ ਦਿਨ ਸਮੇਂ ਘਟਨਾ ਵਾਪਰਦੀ ਤਾਂ ਕਿਸੇ ਰਾਹਗੀਰ ਦਾ ਨੁਕਸਾਨ ਹੋ ਸਕਦਾ ਸੀ ਪਰੰਤੂ ਬਚਾਅ ਹੋ ਗਿਆ।