ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੰਢਿਆਂ ਤੱਕ ਭਰੇ ਘੱਗਰ ਨੇ ਲੋਕਾਂ ਦੇ ਸਾਹ ਸੂਤੇ

ਓਵਰਫਲੋਅ ਹੋਣ ਕਾਰਨ ਤਿੰਨ ਪਿੰਡਾਂ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਭਰਿਆ
ਦੂਧਨਸਾਧਾਂ ਸਬ-ਡਿਵੀਜ਼ਨ ਵਿੱਚ ਘੱਗਰ ਓਵਰਫਲੋਅ ਹੋਣ ਕਾਰਨ ਖੇਤਾਂ ਵਿੱਚ ਭਰੇ ਪਾਣੀ ਬਾਰੇ ਦੱਸਦਾ ਹੋਇਆ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

ਸਬ-ਡਿਵੀਜ਼ਨ ਦੂਧਨਸਾਧਾਂ ਵਿਚੋਂ ਲੰਘਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ। ਪਾਣੀ ਦੇ ਵੱਧਦੇ ਪੱਧਰ ਕਾਰਨ ਘੱਗਰ ਦੇ ਪਾਣੀ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਂਗਰੀ ਨਦੀ ਆਪਣੇ ਖ਼ਤਰੇ ਦੇ ਨਿਸ਼ਾਨ 12 ਫੁੱਟ ਤੋਂ ਦੋ ਫੁੱਟ ਉਪਰ ਵਹਿ ਰਹੀ ਹੈ। ਇਸੇ ਤਰ੍ਹਾਂ ਘੱਗਰ ਦਰਿਆ ਵੀ ਖਤਰੇ ਦੇ ਨਿਸ਼ਾਨ 16 ਫੁੱਟ ਤੋਂ ਉੱਪਰ ਹੋਣ ਕਾਰਨ ਕੁਝ ਥਾਵਾਂ ਤੋਂ ਉਵਰਫਲੋਅ ਹੋ ਗਿਆ ਹੈ ਜਿਸ ਨਾਲ ਕਰੀਬ ਤਿੰਨ ਪਿੰਡਾਂ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ। ਘੱਗਰ ਦਾ ਪਾਣੀ ਜੁਲਾਹਖੇੜੀ, ਮਹਿਮੂਦਪੁਰ, ਸਾਧੂ ਨਗਰ ਪਿੰਡਾਂ ਦੇ ਨੀਵੇਂ ਖੇਤਰਾਂ ਵਿੱਚ ਦਾਖਲ ਹੋ ਰਿਹਾ ਹੈ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਘੱਗਰ ਅੰਦਰ ਪਾਣੀ ਵਧਦਾ ਜਾ ਰਿਹਾ ਹੈ ਜਿਸ ਨਾਲ ਨਾਲ ਲੱਗਦੇ ਖੇਤਾਂ ਵਿਚ ਦੋ ਫੁੱਟ ਪਾਣੀ ਆ ਗਿਆ ਹੈ। ਖਬਰ ਲਿਖੇ ਜਾਣ ਤੱਕ ਦੇਵੀਗੜ੍ਹ ਖੇਤਰ ਦੇ ਵਿੱਚ ਗੁਜ਼ਰਦੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਆਫ਼ਤ ਸਮੇਂ ਸਹਾਇਤਾ ਲਈ ਬੀਐੱਸ ਸੰਧੂ ਸਕੂਲ ਜੁਲਾਹਖੇੜੀ, ਤਨੇਜਾ ਪੈਲੇਸ ਗੁੱਥਮੜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰਾਜਪੁਰਾ ਨੇੜੇ ਪਿੰਡ ਸੁਰ੍ਹੋਂ ਵਿੱਚ ਪੱਚੀਦਰਾ ਦੇ ਮਜ਼ਬੂਤ ਕੀਤੇ ਜਾ ਰਹੇ ਬੰਨ੍ਹਾਂ ਦਾ ਜਾਇਜ਼ਾ ਲਿਆ ਤੇ ਸ਼ਾਮ ਵੇਲੇ ਸਨੌਰੀ ਅੱਡਾ ਤੇ ਦੌਲਤਪੁਰ ਵਿੱਚ ਵੱਡੀ ਨਦੀ ਦਾ ਨਿਰੀਖਣ ਕੀਤਾ। ਡੀਸੀ ਨੇ ਕਿਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਏਡੀਸੀਜ਼ ਅਮਰਿੰਦਰ ਸਿੰਘ ਟਿਵਾਣਾ ਤੇ ਨਵਰੀਤ ਕੌਰ ਸੇਖੋਂ ਸਮੇਤ ਐੱਸਡੀਐੱਮ ਅਵਿਕੇਸ਼ ਗੁਪਤਾ, ਕਿਰਪਾਲਵੀਰ ਸਿੰਘ, ਹਰਜੋਤ ਕੌਰ ਮਾਵੀ, ਰਿਚਾ ਗੋਇਲ ਤੇ ਅਸ਼ੋਕ ਕੁਮਾਰ ਦੀ ਦੇਖ-ਰੇਖ ਹੇਠ ਵੱਡੀ ਨਦੀ, ਘੱਗਰ, ਪੱਚੀਦਰ੍ਹਾ, ਟਾਂਗਰੀ, ਮਾਰਕੰਡਾ ਆਦਿ ਦੀ ਰੈਕੀ ਕੀਤੀ ਅਤੇ ਜਿੱਥੇ ਕਿਤੇ ਕਮਜ਼ੋਰੀ ਨਜ਼ਰ ਆਈ, ਉਥੇ ਤੁਰੰਤ ਬਚਾਅ ਕਾਰਜਾਂ ਵਜੋਂ ਬੰਨ੍ਹ ਮਜ਼ਬੂਤ ਕੀਤੇ ਗਏ। ਡਾ. ਪ੍ਰੀਤੀ ਯਾਦਵ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਅਜੇ ਤੱਕ ਸਾਰੀ ਸਥਿਤੀ ਕੰਟਰੋਲ ਹੇਠਾਂ ਹੈ।

Advertisement

ਅਮਨ ਅਰੋੜਾ ਤੇ ਬਰਿੰਦਰ ਗੋਇਲ ਵੱਲੋਂ ਸਥਿਤੀ ਦਾ ਜਾਇਜ਼ਾ

ਖਨੌਰੀ/ਮੂਨਕ (ਗੁਰਨਾਮ ਸਿੰਘ ਚੌਹਾਨ/ਕਰਮਵੀਰ ਸਿੰਘ ਸੈਣੀ): ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿੱਚ ਵਧ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਮਕਰੌੜ ਸਾਹਿਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਹੈ ਕਿ ਘੱਗਰ ਵਿੱਚ ਇਸ ਵੇਲੇ 12 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ, ਜਦੋਂਕਿ ਘੱਗਰ ਦੀ ਪਾਣੀ ਸੰਭਾਲਣ ਦੀ ਸਮਰੱਥਾ 12200 ਕਿਊਸਿਕ ਹੈ।

ਜਾਣਕਾਰੀ ਅਨੁਸਾਰ ਖਨੌਰੀ ਕੋਲੋਂ ਲੰਘਦੇ ਘੱਗਰ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਉੱਪਰ ਟੱਪ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਖਨੌਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁਲ ਆਰ ਡੀ -460 ਉਤੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 748.1 ਫੁੱਟ ਉਤੇ ਚੱਲ ਰਿਹਾ ਸੀ। ਕੈਬਨਿਟ ਮੰਤਰੀ ਅਮਨ ਅਰੋੜਾ ਤੇ ਗੋਇਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਨੂੰ ਕੁਦਰਤ ਦੀ ਬਹੁਤ ਵੱਡੀ ਮਾਰ ਪਈ ਹੈ। ਪੰਜਾਬ ਇਸ ਵੇਲੇ ਤਰਸਯੋਗ ਹਾਲਤ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹੁਣ ਤੱਕ 15,688 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰਾਹਤ ਕੈਂਪਾਂ ਵਿੱਚ ਹਜ਼ਾਰਾਂ ਲੋਕ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਸਾਲ ਵਿੱਚ ਘੱਗਰ ਦਰਿਆ ਵਿੱਚ 753 ਫੁੱਟ ’ਤੇ ਜਿਹੜੀ 15 ਜਗ੍ਹਾ ਪਾੜ ਪਏ ਸਨ ਉਨ੍ਹਾਂ ਦੇ ਕਿਨਾਰਿਆਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਕਰੌੜ ਸਾਹਿਬ ਤੱਕ ਘੱਗਰ ਦਰਿਆ ਦੀ ਚੌੜਾਈ 598 ਫੁੱਟ ਹੈ ਜਦਕਿ ਇਸ ਤੋਂ ਅੱਗੇ ਚੌੜਾਈ ਘੱਟ ਕੇ 198 ਫੁੱਟ ਰਹਿ ਜਾਂਦੀ ਹੈ, ਜਿਸ ਕਾਰਨ ਅੱਗੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਪਾੜ ਪੈ ਜਾਂਦਾ ਹੈ। ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਰਾਹੀਂ ਲਈ ਸਟੇਅ ਦੇ ਚੱਲਦਿਆਂ ਸਰਕਾਰ ਇਸ ਨੂੰ ਚੌੜਾ ਨਹੀਂ ਕਰ ਸਕਦੀ। ਉਨ੍ਹਾਂ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਪੀੜਤ ਲੋਕਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਮੁੜ ਵਸੇਬੇ ਦੇ ਯਤਨਾਂ ਦਾ ਸਮਰਥਨ ਕਰਨ ਲਈ 60,000 ਕਰੋੜ ਦੇ ਬਕਾਇਆ ਫੰਡ ਜਾਰੀ ਕਰਨ ਅਤੇ ਮੁਆਵਜ਼ਾ ਭੁਗਤਾਨ ਵਧਾ ਕੇ 50,000 ਪ੍ਰਤੀ ਏਕੜ ਕਰਨ ਦੀ ਅਪੀਲ ਕੀਤੀ ਹੈ।

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਰਹਿੰਦ ਚੋਅ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਪਰ ਹੁਣ ਇਹ ਬਹੁਤ ਘੱਟ ਗਿਆ ਹੈ ਜਿਸ ਨੂੰ ਲੈਕੇ ਅੱਜ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਇਸ ਚੋਅ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ। ਗੱਲਬਾਤ ਕਰਦਿਆਂ ਮੰਤਰੀ ਅਰੋੜਾ ਅਤੇ ਗੋਇਲ ਨੇ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਵਿੱਚ ਬੀਤੇ ਦਿਨੀਂ 300 ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਕਰਕੇ ਹੀ ਪਾਣੀ ਦਾ ਪੱਧਰ ਵਧ ਗਿਆ ਸੀ ਪਰ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਹੁਣ ਪਾਣੀ ਦਾ ਪੱਧਰ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਵਿੱਚੋਂ ਲਗਾਤਾਰ ਘਟਣ ਲੱਗਾ ਹੈ। ਅਗਲੇ ਦਿਨਾਂ ਦੌਰਾਨ ਵੀ ਇਸ ਚੋਅ ਵਿੱਚ ਪਾਣੀ ਵਧਣ ਦਾ ਖਦਸ਼ਾ ਨਹੀਂ ਹੈ।

Advertisement
Show comments