ਸਕੂਲ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਗਸਤ
ਪੰਜਾਬ ਸਰਕਾਰ ਵੱਲੋਂ ਸੰਗਰੂਰ ਸ਼ਹਿਰ ਵਿੱਚ ਸਥਿਤ ਸੁਤੰਤਰਤਾ ਸੈਨਾਨੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਯਾਦਗਾਰੀ (ਰਾਜ ਹਾਈ) ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅੱਪਗ੍ਰੇਡ ਕਰਨ ਲਈ 3.56 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਤੋਂ ਬਾਅਦ ਅੱਜ ਰਸਮੀ ਤੌਰ ‘ਤੇ ਇਸ ਸਕੂਲ ਦੀ ਅੱਪਗ੍ਰੇਡੇਸ਼ਨ ਦਾ ਕਾਰਜ ਆਰੰਭ ਹੋ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਅੰਜੂ ਗੋਇਲ ਨੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕਰਦਿਆਂ ਸਮੁੱਚੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਸ਼ਲਾਘਾਯੋਗ ਉਪਰਾਲਾ ਹੈ।
ਵਿਧਾਇਕ ਨਰਿੰਦਰ ਕੌਰ ਭਰਾਜ ਦੀ ਤਰਫ਼ੋਂ ਪੁੱਜੇ ਆਪ ਆਗੂ ਮਨਦੀਪ ਸਿੰਘ ਲੱਖੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਦਿੱਤਾ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਿਦਿਆਰਥੀ ਨੂੰ ਉੱਚ ਪੱਧਰ ਦੀਆਂ ਸਿੱਖਿਆ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਵਿਧਾਇਕ ਅਤੇ ਸਮੁੱਚੀ ਟੀਮ ਦੀ ਤਰਫ਼ੋਂ ਇਸ ਸਾਰਥਕ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਦੱਸਿਆ ਕਿ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅੱਪਗ੍ਰੇਡ ਕਰਨ ਲਈ ਜਮਾਤਾਂ ਦੇ ਕਮਰਿਆਂ ਦੀ ਢੁੱਕਵੀਂ ਮੁਰੰਮਤ, ਸਾਇੰਸ ਲੈਬਾਂ ਅਤੇ ਆਡੀਟੋਰੀਅਮ ਦੀ ਅੱਪਗ੍ਰੇਡੇਸ਼ਨ, ਸਾਇਕਲ ਸਟੈਂਡ ਦੀ ਉਸਾਰੀ, ਕੈਂਪਸ ਸਲਾਇਟਿੰਗ, ਲੈਂਡਸਕੇਪਿੰਗ ਸਮੇਤ ਹੋਰ ਉਸਾਰੀ ਅਤੇ ਮੁਰੰਮਤ ਕਾਰਜ਼ਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।