ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆੜ੍ਹਤੀਆਂ ਤੇ ਰਾਈਸ ਮਿੱਲਰਾਂ ਦੇ ਵਿਵਾਦ ਦਾ ਖਮਿਆਜ਼ਾ ਭੁਗਤ ਰਿਹੈ ਅੰਨਦਾਤਾ

ਸੰਗਰੂਰ ਦੀ ਮੰਡੀ ਵਿੱਚ ਚਾਰ ਦਿਨਾਂ ਤੋਂ ਬਾਸਮਤੀ ਦੀ ਖਰੀਦ ਠੱਪ
ਅਨਾਜ ਮੰਡੀ ’ਚ ਬਾਸਮਤੀ ਦੀ ਬੋਲੀ ਦੀ ਉਡੀਕ ’ਚ ਬੈਠੇ ਕਿਸਾਨ।
Advertisement

ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀ ਅਨਾਜ ਮੰਡੀ ’ਚ ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਵਿਚਕਾਰ ਬਾਸਮਤੀ ਦੀ ਅਦਾਇਗੀ ਦੀ ਸਮਾਂ ਸੀਮਾ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਲਗਾਤਾਰ ਚੌਥੇ ਦਿਨ ਵੀ ਅਨਾਜ ਮੰਡੀ ਵਿੱਚ ਬਾਸਮਤੀ ਝੋਨੇ ਦੀ ਖਰੀਦ ਦਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ ਜਿਸ ਦਾ ਖਮਿਆਜ਼ਾ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਕਿਸਾਨ ਝੋਨੇ ਦੀ ਫਸਲ ਦੀ ਬੋਲੀ ਦੀ ਉਡੀਕ ਵਿਚ ਬੈਠੇ ਖੱਜਲ ਖੁਆਰ ਹੋ ਰਹੇ ਹਨ ਜਦੋਂ ਕਿ ਕੰਮ ਤੋਂ ਵਿਹਲੇ ਬੈਠੇ ਮਜ਼ਦੂਰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜ਼ਿਲ੍ਹਾ ਹੈੱਡਕੁਆਰਟਰ ਦੀ ਅਨਾਜ ਮੰਡੀ ਵਿਚ ਖਰੀਦ ਕੀਤੀ ਝੋਨੇ ਦੀ ਅਦਾਇਗੀ ਨੂੰ ਲੈ ਕੇ ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਵਿਚਕਾਰ ਆਪਸੀ ਵਿਵਾਦ ਪੈਦਾ ਹੋ ਗਿਆ। ਆੜ੍ਹਤੀਆਂ ਦਾ ਕਹਿਣਾ ਹੈ ਕਿ ਅਦਾਇਗੀ ਇੱਕ ਹਫਤੇ ਦੇ ਅੰਦਰ ਅੰਦਰ ਕੀਤੀ ਜਾਵੇ ਕਿਉਂਕਿ ਪਹਿਲਾਂ ਤੋਂ ਹੀ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਅਦਾਇਗੀ ਹੁੰਦੀ ਆ ਰਹੀ ਹੈ ਪਰ ਰਾਈਸ ਮਿੱਲਰਜ਼ ਵੱਲੋਂ ਅਦਾਇਗੀ 15 ਦਿਨਾਂ ਦੇ ਅੰਦਰ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਆੜ੍ਹਤੀਆਂ ਵਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਅਤੇ ਆੜ੍ਹਤੀਆਂ ਨੇ ਝੋਨੇ ਦੀ ਫਸਲ ਦੀ ਬੋਲੀ ਦਾ ਕੰਮਕਾਜ ਠੱਪ ਕਰ ਰੱਖਿਆ ਹੈ। ਭਾਵੇਂ ਕਿ ਆੜ੍ਹਤੀਆਂ ਐਸੋਸੀਏਸ਼ਨ ਅਤੇ ਰਾਈਸ ਮਿੱਲਰਜ਼ ਵਿਚਕਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮਸਲੇ ਦਾ ਹੱਲ ਨਹੀਂ ਹੋਇਆ। ਅਨਾਜ ਮੰਡੀ ਵਿਚ ਫਸਲ ਲੈ ਕੇ ਬੈਠੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਲੌਂਗੋਵਾਲ ਦੇ ਕਿਸਾਨ ਰਾਜਵਿੰਦਰ ਸਿੰਘ ਅਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਬੋਲੀ ਦੀ ਉਡੀਕ ਵਿਚ ਬੈਠੇ ਹਨ। ਸਿਰਫ਼ ਸੰਗਰੂਰ ਮੰਡੀ ਵਿਚ ਹੀ ਅਜਿਹਾ ਵਿਵਾਦ ਹੈ ਜਦੋਂ ਕਿ ਸੁਨਾਮ ਮੰਡੀ ਵਿਚ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦਿਨ-ਰਾਤ ਫਸਲ ਦੀ ਰਾਖੀ ਰੱਖਣੀ ਪੈ ਰਹੀ ਹੈ ਅਤੇ ਫਸਲ ਖਰਾਬ ਹੋਣ ਦਾ ਵੀ ਖਦਸ਼ਾ ਹੈ। ਅੱਜ ਵੀ ਅਨਾਜ ਮੰਡੀ ’ਚੋਂ ਦੁਖੀ ਹੋਏ ਕਿਸਾਨ ਬੋਲੀ ਨਾ ਲੱਗਣ ਕਾਰਨ ਕਰੀਬ ਦਸ ਟਰਾਲੀਆਂ ਝੋਨੇ ਦੀ ਮੁੜ ਚੁੱਕ ਕੇ ਹੋਰ ਮੰਡੀਆਂ ਵਿਚ ਵੇਚਣ ਲਈ ਲੈ ਗਏ ਹਨ। ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਦੁੱਗਾਂ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਵਲੋਂ ਮਾਮਲਾ ਚੇਅਰਮੈਨ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ ਦੀ ਹਾਜ਼ਰੀ ਵਿਚ ਜ਼ਿਲ੍ਹਾ ਮੰਡੀ ਅਫ਼ਸਰ ਕੋਲ ਲਿਖਤੀ ਰੂਪ ਵਿਚ ਉਠਾ ਚੁੱਕੇ ਹਨ ਪਰ ਫ਼ਿਰ ਵੀ ਹੱਲ ਨਹੀਂ ਹੋਇਆ। ਮੰਡੀ ਬੋਰਡ ਦੇ ਨਿਯਮਾਂ ਅਨੁਸਾਰ 72 ਘੰਟੇ ਵਿਚ ਅਦਾਇਗੀ ਕਰਨੀ ਬਣਦੀ ਹੈ ਪਰ ਉਹ ਤਾਂ ਫ਼ਿਰ ਵੀ 168 ਘੰਟੇ ’ਚ ਅਦਾਇਗੀ ਦੀ ਮੰਗ ਕਰਦੇ ਹਨ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਅਨਾਜ ਮੰਡੀਆਂ ’ਚ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਪਰ ਇਸ ਵਿਵਾਦ ਦੇ ਹੱਲ ਕਰਾਉਣ ਲਈ ਪ੍ਰਸ਼ਾਸ਼ਨ ਗੰਭੀਰ ਕਿਉਂ ਨਹੀਂ ਹੈ।

Advertisement
Advertisement
Show comments