ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਤਿਉਹਾਰ ਦੀਆਂ ਰੌਣਕਾਂ
ਕਰਵਾ ਚੌਥ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਰੌਣਕ ਹੈ। ਛਾਨਣੀਆਂ ਸਮੇਤ ਪੂਜਾ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਵੀ ਹਰ ਜਗ੍ਹਾ ਖੁੱਲ੍ਹ ਗਈਆਂ ਹਨ। ਸਾੜ੍ਹੀਆਂ ਦੀਆਂ ਦੁਕਾਨਾਂ ’ਤੇ ਸਾਰਾ ਦਿਨ ਔਰਤਾਂ ਦੀ ਭੀੜ ਰਹਿੰਦੀ ਹੈ। ਬਿਊਟੀ ਪਾਰਲਰ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਸਾੜ੍ਹੀ ਵਪਾਰੀ ਵਿਜੇ ਨੇ ਦੱਸਿਆ ਕਿ ਹਰ ਸਾਲ ਕਰਵਾ ਚੌਥ ’ਤੇ ਔਰਤਾਂ ਨਵੀਆਂ ਸਾੜ੍ਹੀਆਂ ਖ਼ਰੀਦਦੀਆਂ ਹਨ। ਉਨ੍ਹਾਂ ਕੋਲ ਹਰ ਡਿਜ਼ਾਈਨ ਅਤੇ ਰੰਗਾਂ ਦੀਆਂ ਸਾੜ੍ਹੀਆਂ ਉਪਲਬਧ ਹਨ। ਇਸ ਤੋਂ ਇਲਾਵਾ ਔਰਤਾਂ ਵੱਲੋਂ ਜਨਰਲ ਸਟੋਰਾਂ ਤੋਂ ਚੂੜੀਆਂ, ਮਹਿੰਦੀ ਅਤੇ ਮੇਕਅਪ ਦੀਆਂ ਚੀਜ਼ਾਂ ਖ਼ਰੀਦ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਕੱਪੜੇ, ਗਹਿਣੇ, ਕਰਿਆਨੇ ਦੀਆਂ ਚੀਜ਼ਾਂ, ਡੇਅਰੀ ਉਤਪਾਦਾਂ, ਬੇਕਰੀ ਦੀਆਂ ਚੀਜ਼ਾਂ, ਪੂਜਾ ਦੀਆਂ ਚੀਜ਼ਾਂ ਅਤੇ ਸ਼ਿੰਗਾਰ ਸਮੱਗਰੀ ਦੀ ਮੰਗ ਬਹੁਤ ਜ਼ਿਆਦਾ ਹੈ। ਕਰਵਾ ਚੌਥ ਕਾਰਨ ਸਰਾਫ਼ਾ ਬਾਜ਼ਾਰ ਵੀ ਚਮਕਿਆ ਹੈ। ਕਰਵਾ ਚੌਥ ’ਤੇ ਪਤਨੀਆਂ ਲਈ ਤੋਹਫ਼ਿਆਂ ਵਜੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਖ਼ਰੀਦੇ ਜਾ ਰਹੇ ਹਨ। ਦੁਕਾਨਦਾਰਾਂ ਨੇ ਹਲਕੇ ਭਾਰ ਵਾਲੀਆਂ ਮੁੰਦਰੀਆਂ, ਹਾਰ ਅਤੇ ਚੂੜੀਆਂ ਡਿਜ਼ਾਈਨ ਕਰਵਾ ਰੱਖੀਆਂ ਹਨ। ਬਿਊਟੀਸ਼ੀਅਨ ਕੁਸੁਮ ਸ਼ਰਮਾ ਨੇ ਦੱਸਿਆ ਕਿ ਉਹ ਕਰਵਾ ਚੌਥ ਲਈ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਦੇ ਰਹੀ ਹੈ। ਇਨ੍ਹਾਂ ਵਿੱਚ ਹਲਕਾ ਮੇਕਅਪ, ਭਾਰੀ ਮੇਕਅਪ, ਹੇਅਰ ਸਟਾਈਲ ਸ਼ਾਮਲ ਹਨ। ਕਾਸਮੈਟਿਕਸ ਵੇਚਣ ਵਾਲੇ ਅਨਿਲ ਕੁਮਾਰ ਨੇ ਕਿਹਾ ਕਿ ਕਰਵਾ ਚੌਥ ਲਈ ਸਿੰਧੂਰ, ਚੂੜੀਆਂ, ਮਹਿੰਦੀ ਸਮੇਤ ਮੇਕਅਪ ਵਸਤੂਆਂ ਅਤੇ ਨਕਲੀ ਗਹਿਣਿਆਂ ਦੀ ਬਹੁਤ ਮੰਗ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਗਾਹਕ ਜੀ ਐੱਸ ਟੀ ਦਰਾਂ ਵਿੱਚ ਕਮੀ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ।