ਨਾਟਕ ‘ਹਿੰਦ ਦੀ ਚਾਦਰ’ ਨਾਲ ਮੇਲੇ ਦਾ ਆਗਾਜ਼
ਉੱਤਰੀ ਭਾਰਤ ਦੀ ਪ੍ਰਸਿੱਧ ਨਾਟਕ ਸੰਸਥਾ ਕਲਾਕ੍ਰਿਤੀ ਪਟਿਆਲਾ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਰਹੂਮ ਪ੍ਰੀਤਮ ਸਿੰਘ ਓਬਰਾਏ ਦੀ ਯਾਦ ਵਿੱਚ ਸਾਲਾਨਾ ਕੌਮੀ ਨਾਟਕ ਮੇਲਾ ਅੱਜ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਚ ਨਾਟਕ ‘ਹਿੰਦ ਦੀ ਚਾਦਰ’ ਨਾਟਕ ਨਾਲ ਸ਼ੁਰੂ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਜਸਟਿਸ ਐੱਮ ਐੱਮ ਐੱਸ ਬੇਦੀ, ਡਾ. ਐੱਸ ਪੀ ਸਿੰਘ ਓਬਰਾਏ, ਸਰਬਜਿੰਦਰ ਸਿੰਘ ਵਾਈਸ ਚਾਂਸਲਰ, ਸਤਨਾਮ ਸਿੰਘ ਰੰਧਾਵਾ ਅਤੇ ਨਰਾਇਣ ਗਰੁੱਪ ਆਫ਼ ਸਕੂਲ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਨੇ ਕੀਤਾ। ਉਨ੍ਹਾਂ ਨਿਰਦੇਸ਼ਕ ਪਰਮਿੰਦਰ ਪਾਲ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਨਾਟਕ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇੰਪੈਕਟ ਆਰਟਸ ਮੁਹਾਲੀ ਵੱਲੋਂ ਨਾਟਕ ‘ਹਿੰਦ ਦੀ ਚਾਦਰ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਰਵਿੰਦਰ ਸਿੰਘ ਸੋਢੀ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਫ਼ਿਲਮੀ ਅਦਾਕਾਰ ਬਨੀਦਰਜੀਤ ਸਿੰਘ ਬਨੀ ਨੇ ਕੀਤਾ। ਇਹ ਨਾਟਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਪ੍ਰਕਾਰ ਗੁਰੂ ਤੇਗ਼ ਬਹਾਦਰ ਨੇ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਨਾਟਕ ਮੇਲੇ ਵਿੱਚ 26 ਨਵੰਬਰ ਨੂੰ ‘ਅਜੀਬ ਦਾਸਤਾ’ ਹਿੰਦੀ ਨਾਟਕ ਦਾ ਮੰਚਨ ਕੀਤਾ ਜਾਵੇਗਾ।
