ਕਹੇਰੂ ’ਚੋਂ ਲੰਘਦੀ ਡਰੇਨ ਨੂੰ ਸਫ਼ਾਈ ਦਾ ਇੰਤਜ਼ਾਰ!
ਬੀਰਬਲ ਰਿਸ਼ੀ
ਧੂਰੀ, 24 ਜੂਨ
ਮੌਨਸੂਨ ਦੀ ਦਸਤਕ ਨਾਲ ਭਾਵੇਂ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਪਰ ਪਿੰਡ ਕਹੇਰੂ, ਜਹਾਂਗੀਰ ਤੇ ਰਾਜੋਮਾਜਰਾ ਨੇੜਿਓਂ ਲੰਘਦੀ ਡਰੇਨ ’ਚ ਵੱਡੀ-ਵੱਡੀ ਬੂਟੀ ਨੇ ਸੰਭਾਵੀ ਨੁਕਸਾਨ ਦੇ ਮੱਦੇਨਜ਼ਰ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ। ਕਿਸਾਨ ਜਥੇਬੰਦੀਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਤੱਕ ਦੀ ਭੂਮਿਕਾ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਆਗੂ ਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਉਕਤ ਪਿੰਡਾਂ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਡਰੇਨ ਦੀ ਸਫਾਈ ਨਾ ਹੋਣਾ ਅਫ਼ਸਰਸ਼ਾਹੀ ਦੇ ਬੇਖੌਫ਼ ਹੋ ਕੇ ਕੰਮ ਕਰਨ ਦਾ ਪ੍ਰਤੱਖ ਪ੍ਰਮਾਣ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਮੀਂਹ ਸ਼ੁਰੂ ਹੋ ਗਏ ਹਨ ਅਤੇ ਜਦੋਂ ਮੀਂਹ ਹੋਰ ਤੇਜ਼ ਹੋਣਗੇ ਤਾਂ ਡਰੇਨ ਵਿੱਚ ਖਾਸ ਕਿਸਮ ਦੀ ਖੜ੍ਹੀ ਬੂਟੀ ਪਾਣੀ ਵਿੱਚ ਰੁਕਾਵਟ ਪੈਦਾ ਕਰੇਗੀ। ਆਗੂਆਂ ਨੇ ਦਾਅਵਾ ਕੀਤਾ ਕਿ ਡਰੇਨ ਦਾ ਪਾਣੀ ਪਿੰਡ ਕਹੇਰੂ, ਜਹਾਂਗੀਰ ਅਤੇ ਰਾਜੋਮਾਜਰਾ ਦੇ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਏਗਾ।
ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਇਸ ਅਣਗਹਿਲੀ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਾਰਿਸ਼ਾਂ ਦੌਰਾਨ ਉਕਤ ਪਿੰਡਾਂ ਵਿੱਚ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਏਗਾ ਤਾਂ ਉਹ ਅਫ਼ਸਰਸ਼ਾਹੀ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਛੇੜਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਦੌਰਾਨ ਡਰੇਨ ਵਿਭਾਗ ਸੰਗਰੂਰ ਦੇ ਐਕਸੀਅਨ ਗੁਣਦੀਪ ਬਾਂਸਲ ਨੇ ਕਿਹਾ ਕਿ ਉਹ ਅੱਜ ਛੁੱਟੀ ’ਤੇ ਹਨ, ਉਂਝ, ਮਾਮਲੇ ਬਾਰੇ ਪਤਾ ਕਰਵਾ ਲੈਂਦੇ ਹਨ।
ਮਾਮਲੇ ਦੀ ਜਾਂਚ ਕਰਾਂਗੇ: ਐੱਸਡੀਐੱਮ
ਐੱਸਡੀਐੱਮ ਧੂਰੀ ਰਿਸ਼ਵ ਬਾਂਸਲ ਨੇ ਡਰੇਨ ਦੀ ਸਫ਼ਾਈ ਨਾ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਘੱਗਰ, ਟਾਂਗਰੀ ਅਤੇ ਮੀਰਾਂਪੁਰ ਚੋਅ ਦੀ ਸਫ਼ਾਈ ਨਾ ਹੋਈ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਘੱਗਰ, ਮੀਰਾਂਪੁਰ ਚੋਅ, ਪਟਿਆਲਾ ਨਦੀ, ਟਾਂਗਰੀ ਅਤੇ ਖੇਤਰ ਵਿੱਚ ਪੈਂਦੇ ਹੋਰ ਨਾਲਿਆਂ ਦੀ ਸਫ਼ਾਈ ਕਰਵਾਈ ਜਾਂਦੀ ਹੈ ਅਤੇ ਨਦੀਆਂ ਨਾਲਿਆਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਂਦੇ ਹਨ ਤਾਂ ਜੋ ਮੀਂਹ ਦੌਰਾਨ ਜੇ ਕਿਤੇ ਹੜ੍ਹ ਆ ਜਾਣ ਤਾਂ ਉਨ੍ਹਾਂ ਤੋਂ ਬਚਾਅ ਹੋ ਸਕੇ। ਇਸ ਸਾਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਨ੍ਹਾਂ ਨਦੀਆਂ ਨਾਲਿਆਂ ਦੀ ਨਾ ਸਫ਼ਾਈ ਕਰਵਾਈ ਗਈ ਹੈ ਅਤੇ ਨਾ ਹੀ ਬੰਨ੍ਹ ਮਜ਼ਬੂਤ ਕੀਤੇ ਗਏ ਹਨ। ਹਲਕਾ ਸਨੌਰ ਅਧੀਨ ਹੀ ਕਈ ਨਦੀਆਂ, ਨਾਲੇ ਅਤੇ ਘੱਗਰ ਦਰਿਆ ਵੱਗਦੇ ਹਨ, ਜਿਨ੍ਹਾਂ ਵਿੱਚ ਟਾਂਗਰੀ ਨਦੀ, ਮਾਰਕੰਡਾ, ਮੀਰਾਂਪੁਰ ਚੋਅ ਅਤੇ ਘੱਗਰ ਦਰਿਆ ਸ਼ਾਮਲ ਹਨ। ਮੀਰਾਂਪੁਰ ਚੋਅ ਅਤੇ ਟਾਂਗਰੀ ਨਦੀ ਵਿੱਚ ਬਹੁਤ ਜ਼ਿਆਦਾ ਬੂਟੀ ਅਤੇ ਘਾਹ ਫੂਸ ਉੱਗਿਆ ਪਿਆ ਹੈ, ਜਿਸ ਦੀ ਸਫਾਈ ਵੱਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕੁੰਭਕਰਨ ਦੀ ਨੀਂਂਦ ਸੁੱਤੇ ਹੋਣ। ਅਗਲੇ ਦਿਨਾਂ ਵਿੱਚ ਜੇਕਰ ਵਧੇਰੇ ਮਾਤਰਾ ਵਿੱਚ ਬਰਸਾਤ ਹੁੰਦੀ ਹੈ ਤਾਂ ਘੱਗਰ ਦਰਿਆ, ਮੀਰਾਂਪੁਰ ਚੋਅ ਅਤੇ ਟਾਂਗਰੀ ਨਦੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਕਹਿਰ ਮਚਾ ਸਕਦੇ ਹਨ ਜਿਸ ਨਾਲ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਬਿਜਲੀ ਦੇ ਟਿਊਬਵੈੱਲਾਂ ਦਾ ਵੀ ਭਾਰੀ ਨੁਕਸਾਨ ਹੋਵੇਗਾ। ਵਿਭਾਗ ਦੇ ਐੱਸ.ਡੀ.ਓ. ਰਕਵਿੰਦਰ ਸਿੰਘ ਨੇ ਕਿਹਾ ਕਿ ਟਾਂਗਰੀ ਨਦੀ ਅਤੇ ਮੀਰਾਂਪੁਰ ਚੋਅ ਦੀ ਖੁਦਾਈ ਲਈ ਪੰਜਾਬ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਗਈ ਹੈ, ਜਦੋਂ ਵੀ ਸਰਕਾਰ ਫੰਡ ਜਾਰੀ ਕਰ ਦੇਵੇਗੀ ਤਾਂ ਉਦੋਂ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।