ਨਸ਼ੇੜੀਆਂ ਦਾ ਅੱਡਾ ਬਣੀ ਪੁਰਾਣੀ ਕਚਹਿਰੀ ਦੀ ਸੁੰਨਸਾਨ ਇਮਾਰਤ
ਧੂਰੀ ਸ਼ਹਿਰ ਦੇ ਵਿਚਕਾਰ ਬੇਕਾਰ ਹੋ ਚੁੱਕੀ ਪੁਰਾਣੀ ਕਚਹਿਰੀ ਦੀ ਇਮਾਰਤ ਸਾਂਭ-ਸੰਭਾਲ ਦੀ ਘਾਟ ਕਾਰਨ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਹੈ। ਸ਼ਹਿਰ ਵਾਸੀਆਂ ਰਵੀ ਧੂਰੀ, ਅਸ਼ਵਨੀ ਕੁਮਾਰ, ਰਾਜਿੰਦਰ ਲੱਧੜ ਨੇ ਕਿਹਾ ਕਿ ਇਸ ਇਮਾਰਤ ਦੇ ਨਜ਼ਦੀਕ ਹੀ ਰੇਲਵੇ ਸਟੇਸ਼ਨ ਅਤੇ ਲੜਕੀਆਂ ਦਾ ਸਰਕਾਰੀ ਸਕੂਲ ਹੈ, ਜਿੱਥੋ ਮੁਸਾਫ਼ਰ ਤੇ ਲੜਕੀਆਂ ਅਕਸਰ ਗੁਜ਼ਰਦੇ ਹਨ ਪਰ ਇਸ ਇਮਾਰਤ ਕੋਲ ਸਵੇਰੇ ਸ਼ਾਮ ਨਸ਼ੇੜੀ ਵਿਅਕਤੀ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਲੜਕੀਆਂ ਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਦੱਸਿਆ ਇਸ ਇਮਾਰਤ ਦੇ ਅੰਦਰ ਨਸ਼ੇੜੀ ਟੀਕੇ ਲਾਉਂਦੇ ਵੇਖੇ ਗਏ ਹਨ। ਉਨ੍ਹਾਂ ਕਿਹਾ ਰਾਤ ਵੇਲੇ ਇਸ ਸੁੰਨਸਾਨ ਇਮਾਰਤ ਕੋਲ ਲੰਘਣ ਤੋਂ ਰਾਹਗੀਰ ਡਰਦੇ ਹਨ। ਉਨ੍ਹਾਂ ਪੁਲੀਸ ਅਧਿਕਾਰੀਆਂ ਤੇ ਕਾਰਜਸਾਧਕ ਅਫਸਰ ਤੋਂ ਮੰਗ ਕੀਤੀ ਇਸ ਥਾ ਉੱਪਰ ਪੁਲੀਸ ਦੀ ਗਸ਼ਤ ਵਧਾਈ ਜਾਵੇ ਅਤੇ ਇਸ ਇਮਾਰਤ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਧੂਰੀ ਦੇ ਡੀ ਐੱਸ ਪੀ ਰਣਵੀਰ ਨੇ ਕਿਹਾ ਨਸ਼ੇੜੀਆਂ ਵਿਰੁੱਧ ਸਖ਼ਤੀ ਕੀਤੀ ਜਾਵੇਗੀ। ਕਾਰਜਸਾਧਕ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਉਹ ਜਲਦੀ ਇਸ ਇਮਾਰਤ ਦੀ ਚਾਰਦੀਵਾਰੀ ਕਰਾਉਣਗੇ।
