ਡਰੇਨਾਂ ਦੀ ਸਫ਼ਾਈ ਲਈ ਵਿਭਾਗ ਨੇ ਮਸ਼ੀਨਾਂ ਉਤਾਰੀਆਂ
ਬੀਰਬਲ ਰਿਸ਼ੀ
ਧੂਰੀ, 11 ਜੁਲਾਈ
ਡਰੇਨ ਵਿਭਾਗ ਵੱਲੋਂ ਫੰਡ ਆਉਣ ਦੇ ਬਾਵਜੂਦ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਾ ਕਰਨ ਦਾ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪ੍ਰਮੁੱਖਤਾ ਨਾਲ ਚੁੱਕੇ ਜਾਣ ਮਗਰੋਂ ਆਖ਼ਰ ਵਿਭਾਗ ਗੂੜ੍ਹੀ ਨੀਂਦ ਤੋਂ ਜਾਗ ਗਿਆ ਹੈ। ਘਾਹ, ਫੂਸ ਤੇ ਵਿਸ਼ੇਸ਼ ਬੂਟੀ ਨਾਲ ਭਰੀਆਂ ਡਰੇਨਾਂ ਵਿੱਚ ਆਖ਼ਰ ਵਿਭਾਗ ਨੇ ਸਾਫ਼-ਸਫ਼ਾਈ ਲਈ ਉਤਾਰੀਆਂ ਮਸ਼ੀਨਾਂ ਨਜ਼ਰੀਂ ਚੜ੍ਹੀਆਂ ਅਤੇ ਕੁੱਝ ਥਾਈਂ ਇਹ ਕੰਮ ਮਗਨਰੇਗਾ ਮਜ਼ਦੂਰ ਵੀ ਕਰਦੇ ਨਜ਼ਰ ਆਏ। ਯਾਦ ਰਹੇ ਕਿ ‘ਪੰਜਾਬੀ ਟ੍ਰਿਬਿਊਨ’ ਨੇ 25 ਜੂਨ ਨੂੰ ‘ਕਹੇਰੂ ’ਚੋਂ ਲੰਘਦੀ ਡਰੇਨ ਨੂੰ ਸਾਫ਼-ਸਫ਼ਾਈ ਦਾ ਇੰਤਜ਼ਾਰ’ ਅਤੇ 29 ਜੂਨ ਨੂੰ ‘ਫੰਡ ਜਾਰੀ ਹੋਣ ਦੇ ਬਾਵਜੂਦ ਡਰੇਨਾਂ ਦੀ ਨਾ ਹੋਈ ਸਫ਼ਾਈ’ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ।
ਡਰੇਨਾਂ ਦੀ ਹੋ ਰਹੀ ਸਫ਼ਾਈ ਨੂੰ ਵਾਚਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਪੁੱਜੇ ਜਿਨ੍ਹਾਂ ਇਸ ਪ੍ਰਤੀਨਿਧ ਨੂੰ ਦੱਸਿਆ ਕਿ ਡਰੇਨ ਵਿਭਾਗ ਦਾ ਆਲਸਪੁਣਾ ਹੈ ਕਿ ਉਹ ਮੀਂਹ ਪੈਣ ਦੇ ਐਨ ਮੌਕੇ ਡਰੇਨਾਂ ਦੀ ਸਫ਼ਾਈ ਕਰਵਾ ਰਹੇ ਹਨ ਜਦੋਂਕਿ ਇਹ ਕਾਫ਼ੀ ਸਮਾਂ ਪਹਿਲਾਂ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਡਰੇਨ ਦੀ ਸਫ਼ਾਈ ਕਰ ਰਹੀ ਮਸ਼ੀਨ ਸਿਰਫ਼ ਡਰੇਨ ’ਚ ਉੱਗੀ ਬੂਟੀ ਨੂੰ ਕੱਢਣ ਤੱਕ ਸੀਮਤ ਹੈ ਅਤੇ ਇਸ ਵਿੱਚੋਂ ਗਾਰ ਅਤੇ ਜਿਲਬ ਨੂੰ ਉੱਕਾ ਹੀ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਮੁੱਖ ਮੰਤਰੀ ਦੇ ਹਲਕੇ ਅੰਦਰ ਡਰੇਨਾਂ ਦੀ ਸਫ਼ਾਈ ਨਿਰਧਾਰਤ ਸਮੇਂ ਤੋਂ ਪਛੜ ਕੇ ਹੋਣ ਅਤੇ ਬੂਟੀ ਦੇ ਨਾਲ-ਨਾਲ ਡਰੇਨਾਂ ’ਚੋਂ ਗਾਰ ਨਾ ਕੱਢਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਡਰੇਨ ਵਿਭਾਗ ਦੇ ਐਕਸੀਅਨ ਸੰਗਰੂਰ ਗੁਣਦੀਪ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਹੋ ਚੁੱਕੀ ਹੈ। ਉਂਜ, ਗਾਰ ਨਾ ਕੱਢਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਐਸਟੀਮੇਟ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ।