ਮੀਂਹ ਦੇ ਪਾਣੀ ਕਾਰਨ ਪ੍ਰਾਇਮਰੀ ਸਕੂਲ ਦਿੜ੍ਹਬਾ ਦੇ ਕਮਰਿਆਂ ਦੀ ਹਾਲਤ ਖਸਤਾ
ਸਕੂਲ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਕਈ ਦਿਨ ਲਗਾਤਾਰ ਮੀਂਹ ਪੈਣ ਕਾਰਨ ਸੜਕ ਨਾਲ ਲੱਗਦੀ ਕੰਧ ਡੇਗ ਕੇ ਦਾਖ਼ਲ ਹੋਏ ਬਾਹਰਲੇ ਪਾਣੀ ਨਾਲ ਸਕੂਲ ਦੇ ਗਰਾਊਂਡ ਵਿੱਚ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ, ਜੋ ਨੀਵੇਂ ਕਮਰਿਆਂ ਵਿੱਚ ਭਰ ਗਿਆ। ਹੁਣ ਪਾਣੀ ਲਹਿਣ ਮਗਰੋਂ ਇਨ੍ਹਾਂ ਕਮਰਿਆਂ ਵਿੱਚੋਂ ਜਿੱਥੇ ਬਦਬੂ ਆ ਰਹੀ ਹੈ, ਉੱਥੇ ਕਈ ਕਮਰਿਆਂ ਦੀਆਂ ਛੱਤਾਂ ਵਿੱਚ ਵੀ ਪਾਣੀ ਸਿੰਮਣ ਕਾਰਨ ਇੱਥੇ ਬੱਚਿਆਂ ਨੂੰ ਬਿਠਾਉਣਾ ਖਤਰੇ ਤੋਂ ਖਾਲੀ ਨਹੀਂ।
ਹੈਰਾਨੀ ਦੀ ਗੱਲ ਹੈ ਕਿ ਮੀਂਹ ਤੋਂ ਬਾਅਦ ਇਸ ਸਕੂਲ ਦਾ ਦੌਰਾ ਕਰਨ ਲਈ ਸਿੱਖਿਆ ਵਿਭਾਗ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ ਪਰ ਐੱਸਡੀਐੱਮ ਦਿੜ੍ਹਬਾ ਨੇ ਪੀਡਬਯੂਡੀ ਦੇ ਜੇਈ ਨੂੰ ਮੌਕਾ ਦੇਖਣ ਲਈ ਭੇਜਿਆ ਸੀ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਕੂਲ ਦੇ ਕਮਰਿਆਂ ਦੀ ਮਾੜੀ ਹਾਲਤ ਸਬੰਧੀ ਸਕੂਲ ਮੁਖੀ ਵੱਲੋਂ ਲਿਖ ਕੇ ਭੇਜਿਆ ਗਿਆ ਹੈ ਪਰ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਹੋਰ ਕਮਰਿਆਂ ਵਿੱਚ ਕਰ ਦਿੱਤਾ ਹੈ ਅਤੇ ਸਕੂਲ ਦੀ ਹਾਲਤ ਦੇਖਣ ਲਈ ਡਿਪਟੀ ਡੀਈਓ ਨੂੰ ਭੇਜਿਆ ਗਿਆ ਸੀ ਅਤੇ ਦੋ ਦਿਨਾਂ ਵਿੱਚ ਹੀ ਸਕੂਲ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ। ਹਾਲਾਂਕਿ ਕਿ 11 ਸਤੰਬਰ ਤੱਕ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ਸੀ ਪਰ ਇਸ ਪੱਤਰਕਾਰ ਵੱਲੋਂ ਸਿੱਖਿਆ ਵਿਭਾਗ ਦਾ ਇਸ ਪਾਸੇ ਵਿਸ਼ੇਸ ਧਿਆਨ ਦਿਵਾਉਣ ਤੋਂ ਬਾਅਦ ਅੱਜ 12 ਸਤੰਬਰ ਨੂੰ ਡਿਪਟੀ ਡੀਈਓ ਸੰਗਰੂਰ ਵੱਲੋਂ ਸਕੂਲ ਦਾ ਦੌਰਾ ਕੀਤਾ ਤੇ ਕਮਰਿਆਂ ਨੂੰ ਦੇਖਿਆ ਹੈ।
ਸਕੂਲ ਦੀ ਦਿੱਖ ਸੰਵਾਰਨ ਲਈ ਵਿਸ਼ੇਸ ਧਿਆਨ ਦਿੱਤਾ ਜਾਵੇਗਾ: ਚੀਮਾ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਕੂਲ ਦੀ ਬਿਹਤਰੀ ਲਈ ਉਹ ਹਮੇਸ਼ਾ ਤਤਪਰ ਹਨ ਪਰ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰੇ ਕਾਰਨ ਰੁੱਝੇ ਹੋਏ ਕਾਰਨ ਅਤੇ ਨਾ ਹੀ ਸਕੂਲ ਅਧਿਆਪਕਾਂ ਵੱਲੋਂ ਅਜੇ ਤੱਕ ਇਸ ਸਬੰਧੀ ਲਿਖ ਕੇ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸਕੂਲ ਦੀ ਦਿੱਖ ਸੰਵਾਰਨ ਲਈ ਵਿਸ਼ੇਸ ਧਿਆਨ ਦਿੱਤਾ ਜਾਵੇਗਾ।