ਈਸਾਪੁਰ-ਭੂਦਨ ਸੜਕ ਦੀ ਹਾਲਤ ਖਸਤਾ
ਬਲਾਕ ਸ਼ੇਰਪੁਰ ਤੇ ਹਲਕਾ ਧੂਰੀ ਦੇ ਪਿੰਡ ਨਾਲ ਸਬੰਧਤ ਪਿੰਡ ਈਸਾਪੁਰ ਤੋਂ ਭੂਦਨ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ। ਹਾਕਮ ਧਿਰ ਨਾਲ ਸਬੰਧਤ ਪਾਰਟੀ ਦੇ ਮੁਢਲੇ ਮੈਂਬਰਾਂ ’ਚ ਸ਼ਾਮਲ ਹੋਣ ਦਾ ਦਾਅਵਾ ਕਰਦਿਆਂ ਅਸਲਮ ਈਸਾਪੁਰ ਨੇ ਕਿਹਾ ਕਿ ਕਈ ਸਾਲਾਂ ਤੋਂ ਲੋਕਾਂ ਨੂੰ ਉਡੀਕ ਸੀ ਹੁਣ ਆਪ’ ਦੀ ਸਰਕਾਰ ਦੇ ਕਾਰਜਕਾਲ ’ਚ ਇਹ ਸੜਕ ਬਣੇਗੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਪਿੰਡ ਈਸਾਪੁਰ ਤੋਂ ਭੂਦਨ ਤੱਕ ਸੜਕ ਦੀ ਕੀਤੀ ਵੀਡੀਓਗ੍ਰਾਫ਼ੀ ਸੋਸ਼ਲ ਮੀਡੀਆ ’ਤੇ ਪਾਉਣ ਮਗਰੋਂ ਵਿਰੋਧੀ ਧਿਰਾਂ ਇਸ ਨੂੰ ਖੂਬ ਪ੍ਰਚਾਰ ਰਹੀਆਂ ਹਨ। ਉਕਤ ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਵਿੱਚ ਮੁੱਢਲੇ ਮੈਂਬਰਾਂ ਵਿੱਚੋਂ ਹਨ ਪਰ ਹੁਣ ਉਨ੍ਹਾਂ ਦੇ ਪਿੰਡ ਦੀ ਸੜਕ ਜੋ ਦਸ ਬਾਰ੍ਹਾਂ ਸਾਲਾਂ ਤੋਂ ਨਹੀਂ ਬਣੀ ਸਬੰਧੀ ਉਨ੍ਹਾਂ ਨੂੰ ਪਿੰਡ ’ਚ ਨਮੋਸ਼ੀ ਝੱਲਣੀ ਪੈ ਰਹੀ ਹੈ। ਸੰਪਰਕ ਕਰਨ ’ਤੇ ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਅਸਲ ਵਿੱਚ ਫਰਵਾਹੀ, ਈਸਾਪੁਰ ਹਲਕਾ ਧੂਰੀ ਦਾ ਆਖਰੀ ਪਿੰਡ ਹਨ ਜਿਸ ਤੋਂ ਅੱਗੇ ਭੂਦਨ ਜ਼ਿਲ੍ਹਾ ਮਾਲੇਰਕੋਟਲਾ ਦਾ ਹਿੱਸਾ ਹੈ ਜਿਸ ਕਰਕੇ ਸੜਕੀ ਵਿਕਾਸ ਪੱਖੋ ਕੰਨੀ ਦੇ ਕਿਆਰੇ ਵਾਂਗ ਸੁੱਕਾ ਰਿਹਾ। ਦੂਜੇ ਪਾਸੇ ਮੁੱਖ ਮੰਤਰੀ ਦੇ ਹਲਕੇ ’ਚ ਨਵੀਂਆਂ ਬਣੀਆਂ ਸੜਕ ਮਹਿਜ਼ ਨੌਂ ਮਹੀਨਿਆਂ ’ਚ ਟੁੱਟਣ ਦੇ ਮਾਮਲੇ ’ਚ 1 ਸਤੰਬਰ ਤੋਂ ਸੰਘਰਸ਼ ਛੇੜਨ ਦਾ ਐਲਾਨ ਕਰ ਚੁੱਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਵਿੱਚ ਪਿੰਡ ਈਸਾਪੁਰ ਦੇ ਇਸ ਉੱਦਮੀ ਨੌਜਵਾਨ ਦੀ ਮੰਗ ਨੂੰ ਵੀ ਸ਼ਾਮਲ ਕਰਨਗੇ। ਸ੍ਰੀ ਅਲਾਲ ਨੇ ਸੜਕਾਂ ਦੇ ਮਾਮਲੇ ’ਚ ਅਗਲੀ ਰੂਪ ਰੇਖਾ ਲਈ 21 ਅਗਸਤ ਨੂੰ ਕਿਸਾਨ ਧਿਰਾਂ ਦੀ ਮੀਟਿੰਗ ਸੱਦਣ ਦਾ ਖੁਲਾਸਾ ਕੀਤਾ। ਪੰਜਾਬ ਮੰਡੀਬੋਰਡ ਦੇ ਜੇਈ ਪੰਕਜ ਮਹਿਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵਿੱਚ ਹਨ।