ਔਰਤਾਂ ’ਚ ਆਤਮ-ਵਿਸ਼ਵਾਸ ਪੈਦਾ ਕਰਦੇ ਨੇ ਤੀਆਂ ਦੇ ਮੇਲੇ: ਗੁਰਪ੍ਰੀਤ ਕੌਰ
ਜੀਪੀਐੱਫ ਕੰਪਲੈਕਸ ਵਿੱਚ ‘ਤੀਆਂ ਸੀਬਾ ਦੀਆਂ-2025’ ਸਮਾਗਮ ਕਰਵਾਇਆ ਗਿਆ। ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੜੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਵੱਧ ਮਿਹਨਤ ਕਰਕੇ ਸਮਾਜ ਵਿੱਚ ਨਵੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਸ ਉਨ੍ਹਾਂ ਮਾਪਿਆਂ ’ਤੇ ਮਾਣ ਹੈ ਜੋ ਆਪਣੀਆਂ ਧੀਆਂ ਨੂੰ ਮੁੰਡਿਆਂ ਨਾਲੋਂ ਵੱਧ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਨਾ ਸਿਰਫ਼ ਸੱਭਿਆਚਾਰਕ ਰੰਗਤ ਨੂੰ ਉਜਾਗਰ ਕਰਦੇ ਹਨ, ਸਗੋਂ ਔਰਤਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਸ ਮੌਕੇ ਉਨ੍ਹਾਂ ਖੇਡਾਂ ਦੇ ਮੱਲ੍ਹਾਂ ਮਾਰਨ ਵਾਲੇ ਸੀਬਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ। ਪ੍ਰੋਗਰਾਮ ਦਾ ਆਗਾਜ਼ ਚੰਨ ਲੋਕ ਗੀਤਾਂ ਨਾਲ ਹੋਇਆ। ਇਸ ਦੌਰਾਨ ਲੜਕੀਆਂ ਨੇ ਸੱਭਿਆਚਾਰਕ ਸਮਾਗਮ ਪੇਸ਼ ਕੀਤਾ। ਵਿਦਿਆਰਥਣਾਂ, ਅਧਿਆਪਕਾਵਾਂ ਅਤੇ ਮਹਿਮਾਨਾਂ ਨੇ ਗਿੱਧੇ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਸ਼ਾਨਦਾਰ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ। ਮੰਚ ਸੰਚਾਲਨ ਗੁਰਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਬਾਖੂਬੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਜਿਹੜੇ ਘਰਾਂ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲਦਾ ਉਥੇ ਸੁੱਖ ਅਤੇ ਤਰੱਕੀ ਨਹੀਂ ਹੋ ਸਕਦੀ। ਸਕੂਲ ਸਟਾਫ ਵੱਲੋਂ ਸੀਮਾ ਗੋਇਲ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਅਤੇ ਮੇਲੇ ਦੀ ਪ੍ਰਬੰਧਕ ਅਮਨ ਢੀਂਡਸਾ ਦੀ ਅਗਵਾਈ ਹੇਠ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਜੀਪੀਐਫ ਕਮੇਟੀ ਦੇ ਜਸ਼ ਪੇਂਟਰ ਅਤੇ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਵੱਲੋਂ ਗੁਰਪ੍ਰੀਤ ਕੌਰ ਮਾਨ ਦਾ ਸਨਮਾਨ ਕੀਤਾ। ਮੇਲੇ ਵਿੱਚ ਤੀਆਂ ਦੀ ਰਾਣੀ ਐਵਾਰਡ ਪ੍ਰਭਜੋਤ ਕੌਰ ਅਤੇ ਨਵਜੋਤ ਕੌਰ ਨੂੰ ਦਿੱਤਾ ਗਿਆ।