ਅਧਿਆਪਕਾਂ ਵੱਲੋਂ ਡੀਈਓ ਦਫ਼ਤਰ ਅੱਗੇ ਮੁਜ਼ਾਹਰਾ
ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ 3704 ਕੈਟਾਗਿਰੀ ਦੇ ਅਧਿਆਪਕਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਥੇ ਡੀਈਓ ਸੈਕੰਡਰੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਯੂਨੀਅਨ ਆਗੂਆਂ ਵੱਲੋਂ ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ, ਦਵਿੰਦਰ ਕੁਮਾਰ, ਜਸਵੀਰ ਸਿੰਘ ਅਤੇ ਅਮਨਦੀਪ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਕੋਰਟ ਅਤੇ ਡਾਇਰੈਕਟਰ ਸਕੂਲ ਸਿੱਖਿਆ ਦੇ ਆਦੇਸ਼ਾਂ ਦੇ ਬਾਵਜੂਦ ਅਧਿਆਪਕਾਂ ਨੂੰ ਤਨਖਾਹ ਜਾਰੀ ਨਹੀਂ ਕੀਤੀ ਜਾ ਰਹੀ ਜਦੋਂ ਕਿ ਰਾਜ ਦੇ ਬਹੁਤੇ ਜ਼ਿਲ੍ਹਿਆਂ ਵਿੱਚ 3704 ਕੈਟੇਗਰੀ ਅਧਿਆਪਕਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹ ਜਾਰੀ ਕੀਤੀ ਜਾ ਚੁੱਕੀ ਹੈ। ਪਹਿਲਾਂ ਤਾਂ ਇਨਸਾਫ਼ ਲੈਣ ਲਈ ਅਧਿਆਪਕਾਂ ਨੂੰ ਅਦਾਲਤਾਂ ਵਿਚ ਬਹੁਤ ਸਮਾਂ ਉਡੀਕ ਕਰਨੀ ਪਈ ਹੈ ਪਰ ਹੁਣ ਜਦੋਂ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਆ ਗਿਆ ਤਾਂ ਸਿੱਖਿਆ ਅਧਿਕਾਰੀ ਖੱਜਲ ਖੁਆਰ ਕਰ ਰਹੇ ਹਨ। ਇਸ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਧਰਨੇ ਨੂੰ ਜੀਟੀਯੂ ਦੇ ਆਗੂ ਦੇਵੀ ਦਿਆਲ, ਡੀਟੀਐੱਫ਼ ਦੇ ਬਲਵੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਡੀਟੀਐੱਫ਼ ਦੇ ਸੁਖਵਿੰਦਰ ਗਿਰ, ਫੈਡਰੇਸ਼ਨ ਆਗੂ ਫਕੀਰ ਸਿੰਘ ਟਿੱਬਾ, ਪੈਨਸ਼ਨਰ ਆਗੂ ਬੱਗਾ ਸਿੰਘ, ਜਸਵੀਰ ਸਿੰਘ ਨਮੋਲ, ਸੁਖਜਿੰਦਰ ਸਿੰਘ ਤੇ ਸਤਵੰਤ ਸਿੰਘ ਆਲਮਪੁਰ ਨੇ ਸੰਬੋਧਨ ਕੀਤਾ।