ਅਧਿਆਪਕਾਂ ਵੱਲੋਂ ਘਰਾਂ ਨੇੜਲੇ ਸਟੇਸ਼ਨਾਂ ’ਤੇ ਬਦਲੀ ਦੀ ਮੰਗ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਘਰਾਂ ਤੋਂ ਦੂਰ ਡਿਊਟੀਆਂ ਕਰ ਰਹੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ। ਡੀ ਟੀ ਐੱਫ਼ ਦੇ ਜ਼ਿਲ੍ਹਾ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਘਰਾਂ ਤੋਂ ਦੂਰ ਨੌਕਰੀ ਕਰਦੇ ਅਧਿਆਪਕ ਬਦਲੀਆਂ ਲਈ ਤਰਸ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਕੂਲਾਂ ਵਿੱਚ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਅਧਿਆਪਕ ਰੋਜ਼ਾਨਾ ਆਪਣੇ ਘਰਾਂ ਤੋ ਸੈਂਕੜੇ ਕਿਲੋਮੀਟਰ ਦਾ ਸਫ਼ਰ ਕਰ ਕੇ ਡਿਊਟੀ ਕਰਨ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ। ਆਗੂਆਂ ਨੇ ਮੰਗ ਕੀਤੀ ਕਿ ਪਹਿਲਾਂ ਹੋ ਚੁੱਕੀਆਂ ਬਦਲੀਆਂ ਵਿੱਚ ਵੀ ਸਿੰਗਲ ਟੀਚਰ ਸਕੂਲਾਂ ਦੇ ਅਧਿਆਪਕਾਂ ਅਤੇ ਪਿੱਛੇ 50 ਫੀਸਦੀ ਤੋਂ ਘੱਟ ਸਟਾਫ਼ ਵਾਲੇ ਅਧਿਆਪਕਾਂ ਦੀ ਬਦਲੀ ਲਾਗੂ ਨਹੀਂ ਕੀਤੀ ਗਈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਮੰਗ ਕੀਤੀ ਕਿ 2024 ਵਿੱਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਇਨ੍ਹਾਂ ਬਦਲੀਆਂ ਵਿੱਚ ਮੌਕਾ ਦਿੱਤਾ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਆਪਸੀ ਬਦਲੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਤ ਨਾ ਰੱਖੀ ਜਾਵੇ।
