ਅਧਿਆਪਕਾਂ ਨੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ
ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਸੱਦੇ ਤਹਿਤ ਐਸੋਸੀਏਟ ਅਧਿਆਪਕਾਂ, ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ, ਆਈ ਈ ਏ ਟੀ ਅਧਿਆਪਕਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਵਲੋਂ ਵਿੱਤ ਮੰਤਰੀ ਤੇ ਮਹਿਲਾ ਅਧਿਆਪਕਾਂ ਨੂੰ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਪੈਸ਼ਲ ਕਾਰਡ ਅਧਿਆਪਕ ਸਥਾਨਕ ਹਾਊਸਿੰਗ ਬੋਰਡ ਕਲੋਨੀ ਵਿੱਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਡੀ ਸੀ ਦਫ਼ਤਰ ਅੱਗੇ ਪੁੱਜੇ ਅਤੇ ਵਿੱਤ ਮੰਤਰੀ ਦਾ ਪੁਤਲਾ ਫ਼ੂਕਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਗੁਰਲਾਲ ਸਿੰਘ ਤੂਰ, ਜੁਝਾਰ ਸਿੰਘ ਸੰਗਰੂਰ, ਡਾ. ਮਨਪ੍ਰੀਤ ਕੌਰ, ਗੁਰਚਰਨ ਸਿੰਘ ਸੇਖੂਵਾਸ ਨੇ ਕਿਹਾ ਕਿ ਬੀਤੀ ਦਿਨੀਂ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਵੱਲੋਂ ਮਹਿਲਾ ਅਧਿਆਪਕਾਂ ਲਈ ਮਾੜੀ ਸ਼ਬਦਾਵਲੀ ਵਰਤੀ ਗਈ। ਇਸ ਕਾਰਨ ਪੰਜਾਬ ਦੇ ਅਧਿਆਪਕਾਂ ਵਿੱਚ ਵਿੱਤ ਮੰਤਰੀ ਖ਼ਿਲਾਫ਼ ਭਾਰੀ ਰੋਸ ਹੈ। ਇਸੇ ਰੋਸ ਵਜੋਂ ਸਪੈਸ਼ਲ ਕਾਡਰ ਅਧਿਆਪਕ ਫਰੰਟ ਵੱਲੋਂ ਅੱਜ ਪੰਜਾਬ ਦੇ ਸਕੂਲਾਂ ਵਿੱਚ ਮਨਾਏ ਜਾ ਰਹੇ ਬਾਲ ਮੇਲੇ ਦਾ ਬਾਈਕਾਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਇਸ ਮਾੜੀ ਸ਼ਬਦਾਵਲੀ ਪ੍ਰਤੀ ਪੰਜਾਬ ਦੇ ਅਧਿਆਪਕਾਂ ਤੋਂ ਮੁਆਫੀ ਮੰਗਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਿੱਤ ਮੰਤਰੀ ਪੰਜਾਬ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਪੇਅ ਸਕੇਲ ਲਾਗੂ ਕਰਵਾਉਣ ਲਈ ਸਪੈਸ਼ਲ ਕਾਡਰ ਅਧਿਆਪਕ ਫਰੰਟ ਵੱਲੋਂ 30 ਨਵੰਬਰ ਨੂੰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਪਟਿਆਲਾ (ਸਰਬਜੀਤ ਭੰਗੂ): ਸਹਿਯੋਗੀ ਅਧਿਆਪਕਾਂ ਨੂੰ ਪੂਰੇ ਗਰੇਡ ’ਤੇ ਰੈਗੂਲਰ ਕਰਨ ਦੀ ਇੱਕ ਨੁਕਾਤੀ ਮੰਗ ਦੀ ਪੂਰਤੀ ਲਈ ਸਪੈਸ਼ਲ ਕਾਡਰ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਇਥੇ ਮਿਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਸਥਿਤ ਕਾਰ ਪਾਰਕਿੰਗ ਵਿੱਚ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਆਗੂ ਕਰਮਿੰਦਰ ਸਿੰਘ ਨੇ ਇਸ ਧਰਨੇ ਦੀ ਅਗਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹਿਯੋਗੀ ਅਧਿਆਪਕਾਂ ਨੂੰ ਪੂਰੇ ਗਰੇਡ ’ਤੇ ਰੈਗੂਲਰ ਕੀਤਾ ਜਾਵੇ।
ਸ਼ੇਰਪੁਰ (ਬੀਰਬਲ ਰਿਸ਼ੀ): ਇਥੇ ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਦੇ ਸੱਦੇ ’ਤੇ ਅੱਜ ਜਥੇਬੰਦੀ ਦੀ ਬਲਾਕ ਟੀਮ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਅੱਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਕਿਹਾ ਕਿ ਮੰਗਾਂ ਸਬੰਧੀ ਪਿਛਲੇ ਦਿਨੀਂ ਵਫ਼ਦ ਦੇ ਰੂਪ ਵਿੱਚ ਮਿਲਣ ਗਏ ਅਧਿਆਪਕਾਂ ਨੂੰ ਵਿੱਤ ਮੰਤਰੀ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਏ ਜਾਣ ਸਬੰਧੀ ਕੋਈ ਸਪੱਸ਼ਟ ਜਵਾਬ ਦੇਣ ਦੀ ਥਾਂ ਉਲਟਾ ਉਨ੍ਹਾਂ ਨੂੰ ਕਥਿਤ ਖਰੀਆ ਖੋਟੀਆਂ ਸੁਣਾਉਣ ਮਗਰੋਂ ਅਪਮਾਨਿਤ ਕਰਕੇ ਵਾਪਿਸ ਭੇਜ ਦਿੱਤਾ ਸੀ ਜੋ ਬਰਦਾਸ਼ਤਯੋਗ ਨਹੀਂ। ਜਥੇਬੰਦੀ ਦੇ ਆਗੂ ਧਲਵੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਪੈਸ਼ਲ ਕਾਡਰ ਵਿੱਚ ਸ਼ਾਮਲ ਸਮੂਹ ਅਧਿਆਪਕਾਂ ਦੇ ਸੀ ਐੱਸ ਆਰ ਰੂਲ ਲਾਗੂ ਕੀਤੇ ਜਾਣ। ਸਪੈਸ਼ਲ ਕਾਡਰ ਫਰੰਟ ਨਾਲ ਜੁੜੀਆਂ ਅਧਿਆਪਕ ਜਥੇਬੰਦੀਆਂ ਨੇ ਵਿੱਤ ਮੰਤਰੀ ਵੱਲੋਂ ਅਧਿਆਪਕਾਂ ਦਾ ਕਥਿਤ ਅਪਮਾਨ ਕਰਨ ਵਿਰੁੱਧ ਅੱਜ ਬਾਲ ਦਿਵਸ ਦਾ ਬਾਈਕਾਟ ਕੀਤਾ, ਇਸ ਦੀ ਪੁਸ਼ਟੀ ਧਲਵੀਰ ਸਿੰਘ ਨੇ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਪੈਸ਼ਲ ਬੱਚਿਆਂ ਨੂੰ ਬਠਿੰਡਾ ਲੈ ਕੇ ਜਾਣਾ ਸੀ ਪਰ ਨਹੀਂ ਲਿਜਾਇਆ ਗਿਆ। ਇਸੇ ਦੌਰਾਨ ਕਈ ਸਕੂਲਾਂ ਵਿੱਚ ਅੱਜ ਸਰਕਾਰ ਦੀਆਂ ਹਦਾਇਤਾਂ ’ਤੇ ਲਗਾਈਆਂ ਜਾਣ ਵਾਲੀਆਂ ਛੇ ਖਾਸ ਸਟਾਲਾਂ ਨਹੀਂ ਲਗਾਈਆਂ ਗਈਆਂ।
