ਸਰਕਾਰ ਦੀਆਂ ਨੀਤੀਆਂ ਤੋਂ ਅਧਿਆਪਕ ਖ਼ਫ਼ਾ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਬਕਾਇਆ ਡੀ ਏ ਅਤੇ ਹੋਰ ਵਿੱਤੀ ਮੰਗਾਂ ਲਈ ਮੁੱਖ ਮੰਤਰੀ ਦੇ ਨਾਮ ਰੋਸ ਪੱਤਰ ਐੱਸ ਡੀ ਐੱਮ ਚਰਨਜੋਤ ਸਿੰਘ ਵਾਲੀਆ ਨੂੰ ਸੌਂਪਿਆ। ਵਫ਼ਦ ਨੇ ਪੰਜਾਬ ਅਤੇ ਕੇਂਦਰੀ ਮੁਲਾਜ਼ਮਾਂ ਵਿਚਾਲੇ ਡੀ ਏ ਦਾ ਪਾੜਾ 16 ਫੀਸਦੀ ਹੋਣ ਕਾਰਨ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ। ਡੀ ਟੀ ਐੱਫ਼ ਦੇ ਸੂਬਾ ਆਗੂ ਮੇਘ ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਸਿਰਫ਼ 42 ਫੀਸਦੀ ਡੀ ਏ ਹੀ ਮਿਲ ਰਿਹਾ ਹੈ ਅਤੇ ਡੀ ਏ ਦਾ ਬਕਾਇਆ ਵੀ ਖੜ੍ਹਾ ਹੈ ਜਿਸ ਪ੍ਰਤੀ ਪੰਜਾਬ ਸਰਕਾਰ ਦੀ ਚੁੱਪ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਬਾਕੀ ਵਿੱਤੀ ਮੰਗਾਂ ਵੀ ਲਟਕ ਰਹੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਮੁਲਾਜ਼ਮਾਂ ਲਈ ਪੇਂਡੂ ਭੱਤਾ ਅਤੇ ਬਾਰਡਰ ਏਰੀਆ ਭੱਤਾ ਸਮੇਤ ਗੈਰ-ਵਾਜਬ ਰੂਪ ਵਿੱਚ ਕੱਟੇ ਗਏ 37 ਕਿਸਮ ਦੇ ਭੱਤੇ ਸ਼ਾਮਲ ਹਨ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਪੇਅ ਸਕੇਲ ਬਹਾਲ ਕੀਤਾ ਜਾਵੇ, ਛੇਵੇਂ ਪੰਜਾਬ ਪੇਅ ਕਮਿਸ਼ਨ ਦੇ ਘੇਰੇ ਵਿੱਚ ਲੈ ਕੇ ਬਾਕੀ ਮੁਲਾਜ਼ਮਾਂ ਵਾਂਗ 15 ਫੀਸਦੀ ਵਾਧੇ ਸਹਿਤ ਤਨਖਾਹਾਂ ਤੈਅ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਫਰੰਟ ਆਗੂ ਕਰਮਜੀਤ ਨਦਾਮਪੁਰ, ਬਲਵਿੰਦਰ ਚੀਮਾ, ਰਾਜ ਸੈਣੀ, ਮਨਜੀਤ ਲਹਿਰਾ, ਗੁਰਦੀਪ ਚੀਮਾ ਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।