ਸੁਖਬੀਰ ਨੇ ਫੋਨ ਰਾਹੀਂ ਸੰਬੋਧਨ ਕੀਤਾ
ਸੁਖਬੀਰ ਬਾਦਲ ਨੇ ਅੱਜ ਪਿੰਡ ਰੋਹਟਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ’ਚ ਮੋਬਾਈਲ ਫੋਨ ਰਾਹੀਂ ਚੋਣ ਪ੍ਰਚਾਰ ਕੀਤਾ। ਇਸ ਮੌਕੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਸੁਖਬੀਰ ਸਿੰਘ ਬਾਦਲ ਨੂੰ ਫੋਨ ਕੀਤਾ ਤੇ ਫੋਨ ਦਾ ਸਪੀਕਰ ਮਾਈਕ ਨਾਲ ਲਗਾ ਕੇ ਉਨ੍ਹਾਂ ਦੀ ਆਵਾਜ਼ ਲੋਕਾਂ ਨਾਲ ਸਾਂਝੀ ਕੀਤੀ। ਇਸ ਮਗਰੋਂ ਸੁਖਬੀਰ ਬਾਦਲ ਨੇ ਪਿੰਡ ਵਾਸੀਆਂ ਨੂੰ ਹਰਵਿੰਦਰ ਸਿੰਘ ਨੂੰ ਪੰਚਾਇਤ ਸਮਿਤੀ ਅਤੇ ਚਰਨਜੀਤ ਕੌਰ ਨੂੰ ਜ਼ਿਲ੍ਹਾ ਪਰਿਸ਼ਦ ’ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਚੋਣ ਵੀ ਬਾਕੀ ਚੋਣਾਂ ਦੀ ਤਰ੍ਹਾਂ ਹੀ ਅਹਿਮੀਅਤ ਰੱਖਦੀ ਹੈ। ਦੋ ਮਿੰਟ ਦੇ ਇਸ ਸੰਬੋਧਨ ਦੌਰਾਨ ਸ੍ਰੀ ਬਾਦਲ ਨੇ ਲੋਕਾਂ ਨੂੰ ਖੇਤਰੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਅਕਾਲੀ ਆਗੂ ਗੁਰਤੇਜ ਸਿੰਘ ਕੌਲ ਨੇ ਦਾਅਵਾ ਕੀਤਾ ਕਿ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਕਈ ਥਾਵਾਂ ’ਤੇ ‘ਆਪ’ ਆਗੂ ਲੋਕਾਂ ਨਾਲ ਤਲਖ਼ ਵੀ ਹੋ ਰਹੇ ਹਨ।
