ਖੁ਼ਦਕੁਸ਼ੀ ਮਾਮਲਾ: ਟਰਾਲੀ ’ਤੇ ਲਾਸ਼ਾਂ ਰੱਖ ਕੇ ਰੋਸ ਮਾਰਚ
ਪੈਸੇ ਚੋਰੀ ਦੇ ਦੋਸ਼ ਲਾਉਣ ਵਾਲੇ ਟਰੱਕ ਮਾਲਕ (ਪੁਲੀਸ ਮੁਲਾਜ਼ਮ) ਵੱਲੋਂ ਡਰਾਈਵਰ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ ਸੀ। ਇਸ ਮਗਰੋਂ ਡਰਾਈਵਰ ਤੇ ਕੰਡਕਟਰ ਨੇ ਨਮੋਸ਼ੀ ਨਾ ਸਹਾਰਦਿਆਂ ਖੁਦਕੁਸ਼ੀ ਕਰ ਲਈ। ਪਿੰਡ ਨਿਆਲ ਦੇ ਦੋਵੇਂ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਦੇਹਾਂ ਸਸਕਾਰ ਨਾ ਕਰਨ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਜਾਰੀ ਹੈ। ਪਾਤੜਾਂ-ਪਟਿਆਲਾ ਸੜਕ ’ਤੇ ਬਾਈਪਾਸ ਚੌਕ ਨਿਆਲ ’ਤੇ ਲਾਸ਼ਾਂ ਰੱਖ ਕੇ ਦਿੱਤਾ ਜਾ ਰਿਹਾ ਧਰਨਾ ਛੇਵੇਂ ਦਿਨ ਵੀ ਜਾਰੀ ਰਿਹਾ। ਪੀੜਤ ਪਰਿਵਾਰਾਂ ਤੇ ਪਿੰਡ ਵਾਸੀਆਂ ਵੱਲੋਂ ਬਣਾਈ ਐਕਸ਼ਨ ਕਮੇਟੀ ਦੇ ਸੱਦੇ ਉੱਤੇ ਚਾਰ ਘੰਟਿਆਂ ਦੇ ਦਿੱਤੇ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਸਵੇਰੇ ਜਦੋਂ ਮ੍ਰਿਤਕਾਂ ਦੀਆਂ ਲਾਸ਼ਾਂ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਦੀਆਂ ਤਿਆਰੀਆਂ ਕੀਤੀਆਂ ਤਾਂ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲੀਸ ਨੇ ਟਰੱਕ ਲਗਾ ਕੇ ਸੜਕ ਨੂੰ ਰੋਕਣ ਦਾ ਯਤਨ ਕੀਤਾ। ਕਿਸਾਨ ਜਥੇਬੰਦੀਆਂ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ’ਚ ਮੀਟਿੰਗ ਕੀਤੀ। ਇਸ ਤੋਂ ਬਾਅਦ ਜਦੋਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਵਰਕਰਾਂ ਸਮੇਤ ਧਰਨੇ ਵਾਲੀ ਥਾਂ ਉੱਤੇ ਪੁਜੀਆਂ ਤਾਂ ਪੁਲੀਸ ਨੇ ਰੋਕਾਂ ਹਟਾ ਦਿੱਤੀਆਂ। ਪ੍ਰਦਰਸ਼ਨਕਾਰੀਆਂ ਵੱਲੋਂ ਦੋਵੇਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਟਰਾਲੀ ਵਿੱਚ ਰੱਖ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਪਟਿਆਲਾ ਰੋਡ, ਨਰਵਾਣਾ ਰੋਡ, ਅਨਾਜ ਮੰਡੀ ਹੁੰਦਾ ਹੋਇਆ ਜਾਖਲ ਰੋਡ ਰਾਹੀਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੁੱਜਿਆ ਤੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਰੋਸ ਰੈਲੀ ਕੀਤੀ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਡਿਪਟੀ ਜਨਰਲ ਸਕੱਤਰ ਕੁਲਵੰਤ ਸਿੰਘ ਮੌਲਵੀਵਾਲਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਕਿਸੇ ਨੂੰ ਮਰਨ ਲਈ ਮਜਬੂਰ ਕਰਨਾ ਗੁਨਾਹ ਹੈ ਇਸ ਲਈ ਕਤਲ ਲਈ ਸਜ਼ਿੰਮੇਵਾਰ ਵਿਅਕਤੀਆਂ ਉੱਤੇ ਕਤਲ ਦੀਆਂ ਧਾਰਾਵਾਂ ਲਾਈਆਂ ਜਾਣ।
ਐਕਸ਼ਨ ਕਮੇਟੀ ਵੱਲੋਂ ਐੱਸਐੱਸਪੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
ਪ੍ਰਸ਼ਾਸਨ ਵੱਲੋਂ ਐਸਐਸਪੀ ਵਰੁਣ ਸ਼ਰਮਾ, ਏਡੀਸੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਐਸਪੀ ਹੈੱਡ ਕੁਆਰਟਰ ਵੈਭਵ ਚੌਧਰੀ ਤੇ ਹੋਰ ਅਧਿਕਾਰੀਆਂ ਵੱਲੋਂ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਪਰਿਵਾਰ ਲਈ ਵਿੱਤੀ ਸਹਾਇਤਾ ਤੇ ਇੱਕ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਨੌਕਰੀ ਦੇਣ ਦੀ ਮੰਗ ਰੱਖੀ ਗਈ। ਐਸਪੀ ਵੈਭਵ ਚੌਧਰੀ ਨੇ ਮੰਗਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ।
ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ ਡਰਾਈਵਰ
ਮ੍ਰਿਤਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਹਰਿਆਣਾ ਦੇ ਸੋਨੀਪਤ ਤੋਂ ਸਤੀਸ਼ ਕੁਮਾਰ ਟਰੱਕ ਡਰਾਈਵਰ ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਆਪਣੇ ਦਰਜਨ ਦੇ ਕਰੀਬ ਸਾਥੀਆਂ ਸਮੇਤ ਧਰਨੇ ਵਿੱਚ ਸ਼ਾਮਿਲ ਹੋਇਆ। ਸਤੀਸ਼ ਕੁਮਾਰ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਵਿੱਚ ਤੀਜਾ ਵੱਡਾ ਹਿੱਸਾ ਟਰਾਂਸਪੋਰਟ ਰਾਹੀਂ ਪੈਂਦਾ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਆਜ਼ਾਦੀ ਦੇ 8 ਦਹਾਕੇ ਦੇ ਕਰੀਬ ਸਮਾਂ ਬੀਤ ਜਾਣ ਬਾਵਜੂਦ ਡਰਾਈਵਰ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਡਰਾਈਵਰ ਤੇ ਹੋਰ ਲੋਕ ਸੰਘਰਸ਼ ਵਿਚ ਸ਼ਾਮਲ ਹੋਏ।