ਸੜਕ ਹਾਦਸੇ ਵਿੱਚ ਵਿਦਿਆਰਥਣ ਦੀ ਮੌਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਦਸੰਬਰ
ਇੱਥੇ ਭਵਾਨੀਗੜ੍ਹ-ਆਲੋਅਰਖ ਲਿੰਕ ਸੜਕ ’ਤੇ ਅੱਜ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਗੁਨ ਕੌਰ (10) ਪੁੱਤਰੀ ਗੁਰਪਿੰਦਰ ਸਿੰਘ ਵਾਸੀ ਸਤਘੁੱਲਾ ਕਲੋਨੀ ਭਵਾਨੀਗੜ੍ਹ ਵਜੋਂ ਹੋਈ ਹੈ। ਇੱਥੇ ਸਿਵਲ ਹਸਪਤਾਲ ਵਿੱਚ ਦਾਖਲ਼ ਗੁਰਸੇਵਕ ਸਿੰਘ ਵਾਸੀ ਸਤਘੁੱਲਾ ਕਲੋਨੀ ਨੇ ਦੱਸਿਆ ਕਿ ਉਹ ਮੋਟਰਸਾਈਕਲ ਰਾਹੀਂ ਆਪਣੀ ਮਾਸੀ ਦੀ ਬੇਟੀ ਹਰਗੁਨ ਕੌਰ ਸਮੇਤ ਸ਼ਹਿਰ ਵਿੱਚੋਂ ਆਪਣੇ ਘਰ ਨੂੰ ਜਾ ਰਹੇ ਸਨ। ਇਸ ਦੌਰਾਨ ਲਿੰਕ ਸੜਕ ਦੇ ਇੱਕ ਮੋੜ ’ਤੇ ਆਲੋਅਰਖ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਡਿੱਗ ਗਏ। ਹਾਦਸੇ ਵਿੱਚ ਹਰਗੁਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕਲੋਨੀ ਵਾਸੀਆਂ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਰਗੁਨ ਕੌਰ ਪੰਜਵੀਂ ਵਿੱਚ ਪੜ੍ਹਦੀ ਸੀ।
ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
