ਪਰਾਲੀ ਪ੍ਰਬੰਧਨ: ਅਧਿਕਾਰੀਆਂ ਵੱਲੋਂ ਹੌਟਸਪੌਟ ਪਿੰਡਾਂ ਦਾ ਦੌਰਾ
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਅਤੇ ਵਾਤਾਵਰਨ ਮਿੱਤਰ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਅਤੇ ਸੀਨੀਅਰ ਪੁਲੀਸ ਸੁਪਰਡੈਂਟ ਗਗਨ ਅਜੀਤ ਸਿੰਘ ਨੇ ਹੌਟਸਪੌਟ ਪਿੰਡ ਦਸੌਂਦਾ ਸਿੰਘ ਵਾਲਾ ਅਤੇ ਜਲਵਾਣਾ ਦਾ ਦੌਰਾ ਕੀਤਾ। ਦੋਵਾਂ ਅਧਿਕਾਰੀਆਂ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਦੀ ਸੰਭਾਲ ਲਈ ਆਧੁਨਿਕ ਮਸ਼ੀਨਰੀ ਅਤੇ ਸਿਹਤਮੰਦ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਵਿਰਾਜ ਸ੍ਰੀ ਤਿੜਕੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਆਪਣੇ ਪਿੰਡਾਂ ਨੂੰ ‘ਪਰਾਲੀ ਨਾ ਸਾੜਨ ਵਾਲੇ ਪਿੰਡ’ ਬਣਾਉਣ ਸਗੋਂ ਨੇੜਲੇ ਗੁਆਂਢੀ ਪਿੰਡਾਂ ਨੂੰ ਵੀ ਇਸ ਯਤਨ ਨਾਲ ਜੋੜਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਮਿੱਟੀ ਦੀ ਉਪਜਾਊ ਤਾਕਤ ਵਧਾਉਂਦਾ ਹੈ, ਅਗਲੀ ਫ਼ਸਲ ਦੀ ਪੈਦਾਵਾਰ ਲਈ ਲਾਭਦਾਇਕ ਹੈ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਬੇਲਰ ਆਦਿ ਮਸ਼ੀਨਾਂ ਵਾਜਬ ਸਹੂਲਤਾਂ ਦੇ ਨਾਲ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਕਿਸਾਨਾਂ ਦੀ ਮਦਦ ਲਈ ਇੱਕ ਸਮਰਪਿਤ ਕਾਲ ਸੈਂਟਰ ਵੀ ਕਾਇਮ ਕੀਤਾ ਗਿਆ ਹੈ। ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਪੁਲੀਸ ਵਿਭਾਗ ਪ੍ਰਸ਼ਾਸਨ ਨਾਲ ਮਿਲਕੇ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਖੇਤਾਂ ਵਿੱਚ ਅੱਗ ਲਗਾਉਣ ’ਤੇ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਕਿਸਾਨਾਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਐੱਸ ਡੀ ਐੱਮ ਗੁਰਮੀਤ ਕੁਮਾਰ ਬਾਂਸਲ, ਡੀ ਐੱਸ ਪੀ ਮਾਨਵਜੀਤ ਸਿੰਘ, ਬੀ ਡੀ ਪੀ ਓ ਜਸਵਿੰਦਰ ਸਿੰਘ, ਹਲਕਾ ਸੰਗਠਨ ਇੰਚਾਰਜ ਸੰਤੌਖ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਸੰਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮਨਿੰਦਰਦੀਪ ਸਿੰਘ, ਖੇਤੀਬਾੜੀ ਇੰਸਪੈਕਟਰ ਹਰਮਿੰਦਰ ਸਿੰਘ ਕਲਿਆਣ ਅਤੇ ਮਨਦੀਪ ਸਿੰਘ ਏ ਟੀ ਐੱਮ ਤੇ ਹੋਰ ਅਧਿਕਾਰੀ ਹਾਜ਼ਰ ਸਨ।