ਪਰਾਲੀ ਮੁੱਦਾ: ਪਿੰਡ ਲੱਡੀ ’ਚ ਜਾਂਚ ਲਈ ਪੁੱਜੀ ਟੀਮ ਘੇਰੀ
ਪਰਾਲੀ ਸਾੜਨ ਦੇ ਮਾਮਲੇ ਸਬੰਧੀ ਪਿੰਡ ਲੱਡੀ ਦੇ ਖੇਤਾਂ ਵਿੱਚ ਪੁੱਜੀ ਸਰਕਾਰੀ ਟੀਮ ਦਾ ਉਸ ਸਮੇਂ ਕਿਸਾਨਾਂ ਵੱਲੋਂ ਘਿਰਾਓ ਕਰ ਲਿਆ ਗਿਆ ਜਦੋਂ ਟੀਮ ਦੇ ਮੈਂਬਰ ਖੇਤਾਂ ਦੀ ਵੀਡੀਓਗ੍ਰਾਫ਼ੀ ਕਰਨ ਲੱਗੇ। ਖੇਤਾਂ ਵਿੱਚ ਟੀਮ ਪੁੱਜਣ ਦੀ ਪਿੰਡ ਵਿੱਚ ਸੂਚਨਾ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਦੀ ਅਗਵਾਈ ਹੇਠ ਕਿਸਾਨ ਮੌਕੇ ’ਤੇ ਪੁੱਜ ਗਏ ਅਤੇ ਪੁਲੀਸ ਟੀਮ ਦਾ ਘਿਰਾਓ ਕਰਦਿਆਂ ਧਰਨਾ ਲਗਾ ਦਿੱਤਾ। ਕਰੀਬ ਦੋ ਘੰਟੇ ਤੱਕ ਕਿਸਾਨਾਂ ਨੇ ਘਿਰਾਓ ਜਾਰੀ ਰੱਖਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਘਿਰਾਓ ਦਾ ਪਤਾ ਲੱਗਦਿਆਂ ਥਾਣਾ ਸਿਟੀ- 1 ਪੁਲੀਸ ਦੇ ਐੱਸ ਐੱਚ ਓ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਥਾਣਾ ਸਦਰ ਪੁਲੀਸ ਦੇ ਐੱਸ ਐੱਚ ਓ ਇੰਸਪੈਕਟਰ ਜਸਵਿੰਦਰ ਕੌਰ ਸਮੇਤ ਪੁਲੀਸ ਪਾਰਟੀ ਨਾਲ ਮੌਕੇ ਉੱਤੇ ਪੁੱਜੇ ਜਿਨ੍ਹਾਂ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਖਤਮ ਕੀਤਾ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਦੁਪਹਿਰ ਸਮੇਂ ਪਿੰਡ ਲੱਡੀ ਦੇ ਖੇਤਾਂ ਵਿੱਚ ਥਾਣਾ ਸਦਰ ਪੁਲੀਸ ਦਾ ਸਹਾਇਕ ਥਾਣੇਦਾਰ ਅਤੇ ਹੋਰ ਵਿਭਾਗ ਦੇ ਮੁਲਾਜ਼ਮਾਂ ਦੀ ਟੀਮ ਪੁੱਜੀ ਸੀ ਜੋ ਖੇਤਾਂ ਦੀ ਵੀਡੀਓਗ੍ਰਾਫ਼ੀ ਕਰ ਰਹੀ ਸੀ। ਪਤਾ ਲੱਗਦਿਆਂ ਹੀ ਕਿਸਾਨਾਂ ਨੇ ਟੀਮ ਦਾ ਘਿਰਾਓ ਕਰ ਲਿਆ ਜਿਸ ਦੌਰਾਨ ਯੂਨੀਅਨ ਨਾਲ ਸਬੰਧਤ ਕਿਸਾਨ ਵੀ ਮੌਕੇ ਉੱਤੇ ਪੁੱਜ ਗਏ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮੌਜੂਦ ਬੇਲਰ ਸਣੇ ਹੋਰ ਮਸ਼ੀਨਰੀ ਨਾਲ ਸਿਰਫ਼ 30 ਫ਼ੀਸਦੀ ਪਰਾਲੀ ਹੀ ਸੰਭਾਲੀ ਜਾ ਸਕਦੀ ਹੈ ਜਦਕਿ 70 ਫ਼ੀਸਦੀ ਪਰਾਲੀ ਦੇ ਪ੍ਰਬੰਧਨ ਦਾ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ ਹੈ ਜਿਸ ਕਾਰਨ ਕਿਸਾਨ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਲਈ ਮਜਬੂਰ ਹਨ। ਇਸ ਮੌਕੇ ਯੂਨੀਅਨ ਆਗੂ ਕੁਲਵਿੰਦਰ ਸਿੰਘ, ਪਰਮੇਲ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਮਹਿਲਾ ਵਿੰਗ ਦੀ ਕਿਸਾਨ ਆਗੂ ਅਮਰਜੀਤ ਕੌਰ, ਸੁਰਜੀਤ ਕੌਰ, ਬਲਵੀਰ ਕੌਰ ਅਤੇ ਅਵਤਾਰ ਸਿੰਘ ਆਦਿ ਮੌਜੂਦ ਸਨ।
