ਮਹੀਨੇ ’ਚ ਤੀਜੀ ਵਾਰ ਪਰਾਲੀ ਨੂੰ ਅੱਗ ਲੱਗੀ
ਪਰਾਲੀ ਦੀਆਂ ਗੱਠਾਂ ਨੂੰ ਮਹੀਨੇ ’ਚ ਤੀਜੀ ਵਾਰ ਲੱਗੀ ਅੱਗ ਸੁਆਲਾਂ ਦੇ ਘੇਰੇ ਵਿੱਚ ਹੈ। ਹਲਕੇ ਦੇ ਪਿੰਡ ਖੰਡੇਬਾਦ ਅਤੇ ਭੂਟਾਲ ਕਲਾਂ ਨੇੜੇ ਲੱਗੀ ਪ੍ਰਾਈਵੇਟ ਕੰਪਨੀ ਦੀ ਫੈਕਟਰੀ ਜੋ ਪਰਾਲੀ ਤੋਂ ਸੀ ਐੱਨ ਜੀ ਗੈਸ ਤਿਆਰ ਕਰਦੀ ਹੈ, ਦੇ ਲਹਿਰਾ-ਪਾਤੜਾਂ ਰੋਡ ’ਤੇ ਪਿੰਡ ਲਹਿਲ ਖੁਰਦ ਨੇੜਲੇ ਵੱਡੇ ਗੁਦਾਮ ਵਿੱਚ ਹਜ਼ਾਰਾਂ ਗੱਠਾਂ ਪਰਾਲੀ ਨੂੰ ਅੱਗ ਲੱਗ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ ਨੇ ਕਿਹਾ ਕਿ ਸਰਕਾਰ, ਸੈਟੇਲਾਈਟ, ਪ੍ਰਸ਼ਾਸਨ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਜ਼ਾਰਾਂ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦੇ ਗੁਦਾਮਾਂ ਵਿੱਚ ਇੱਕ ਮਹੀਨੇ ਦੇ ਅੰਦਰ ਤੀਜੀ ਵਾਰ ਅੱਗ ਲੱਗ ਚੁੱਕੀ ਹੈ। ਇਸ ਤੋਂ ਪਹਿਲਾਂ 25 ਸਤੰਬਰ ਤੇ 5 ਅਕਤੂਬਰ ਨੂੰ ਰਾਮਗੜ੍ਹ ਸੰਧੂਆਂ ਖੰਡੇਬਾਦ ਰੋਡ ’ਤੇ ਅੱਗ ਲੱਗਣ ਕਾਰਨ ਹਜ਼ਾਰਾਂ ਗੱਠਾਂ ਸੜ ਗਈਆਂ। ਇਸ ਤੋਂ ਪਹਿਲਾਂ 10 ਦਸੰਬਰ, 2024 ਨੂੰ ਵੀ ਅੱਗ ਲੱਗਣ ਨਾਲ ਹਜ਼ਾਰਾਂ ਗੱਠਾਂ ਸੜੀਆਂ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਡੰਪ ਵਿੱਚ ਹਜ਼ਾਰਾਂ ਗੱਠਾਂ ਸੜਦੀਆਂ ਦੇਖੀਆਂ ਗਈਆਂ ਪਰ ਬੀਤੇ ਦਿਨ ਤੋਂ ਲਗਾਤਾਰ ਬਲ ਰਹੀਆਂ ਅੱਗ ਦੀਆਂ ਲਪਟਾਂ ਤੋਂ ਸਪੱਸ਼ਟ ਹੈ ਕਿ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਸਿਰਫ ਇੱਕ ਫਾਇਰ ਬ੍ਰਿਗੇਡ ਟੈਂਡਰ ਨਾਲ ਪਾਣੀ ਛਿੜਕਣ ਦਾ ਦਿਖਾਵਾ ਜ਼ਰੂਰ ਕੀਤਾ ਗਿਆ। ਉਨ੍ਹਾਂ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਨਾ ਹੋਈ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
