ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ: ਡੀਐੱਸਪੀ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਜੂਨ
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਇਥੇ ਇਕ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਸੁਨਾਮ ਵਿਚ ਨਸ਼ਾ ਤਸਕਰਾਂ ਖਿਲਾਫ ਪੁਲੀਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਨਸ਼ੀਲੀਆਂ ਗੋਲੀਆਂ ਸਮੇਤ ਹੋਰ ਨਸ਼ਿਆਂ ਦੀ ਖੇਪ ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਹੁਣ ਤੱਕ 59 ਮੁਕੱਦਮੇ ਐਨਡੀਪੀਐਸ ਐਕਟ ਤਹਿਤ ਦਰਜ ਕਰਕੇ 101 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 505 ਗ੍ਰਾਮ ਹੈਰੋਇਨ, 48 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 8650 ਨਸ਼ੀਲੀਆਂ ਗੋਲੀਆਂ, 6600 ਸਿਗਨੇਚਰ ਕੈਪਸੂਲ, 250 ਗ੍ਰਾਮ ਸੁਲਫਾ, 75 ਗ੍ਰਾਮ ਨਸ਼ੀਲਾ ਪਾਊਡਰ ਅਤੇ ਸਵਾ ਛੇ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਹੁਣ ਤੱਕ ਕਰੀਬ 50 ਵਿਅਕਤੀਆਂ ਨੂੰ ਸਰਕਾਰ ਵੱਲੋ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਰਜਿਸਟਰੇਸ਼ਨ ਕਰਵਾ ਕੇ ਦਵਾਈ ਮੁਹੱਈਆ ਕਰਵਾਈ ਗਈ ਹੈ ਅਤੇ ਕਰੀਬ 39 'ਕਾਸੋ' ਅਪਰੇਸ਼ਨ ਹੁਣ ਤੱਕ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਏਰੀਏ ਵਿਚ ਨਸ਼ਾ ਤਸਕਰੀ ਕਰਨ ਵਾਲੇ ਸ਼ਿੰਦਰ ਕੌਰ ਪਤਨੀ ਕੇਸਰ ਸਿੰਘ ਵਾਸੀ ਜਵੰਧਾ ਰੋਡ ਸੁਨਾਮ ਦੀ 25,15,000 ਰੁਪਏ ਅਤੇ ਲਖਵਿੰਦਰ ਕੌਰ ਉਰਫ ਲੱਖੋ ਪਤਨੀ ਲੇਟ ਜੱਗਾ ਸਿੰਘ ਵਾਸੀ ਅੰਦਰਲਾ ਵਿਹੜਾ ਇੰਦਰਾ ਬਸਤੀ ਦੀ 45,15000 ਰੁਪਏ ਦੀ ਪ੍ਰਾਪਰਟੀ ਅਟੈਚ ਕਰਵਾਈ ਜਾ ਚੁੱਕੀ ਹੈ। ਦੋ ਸਮੱਗਲਰ ਲੱਖੀ ਸਿੰਘ ਅਤੇ ਬੁੱਧ ਸਿੰਘ ਵੱਲੋਂ ਗੈਰਕਾਨੂੰਨੀ ਤੌਰ ਤੇ ਬਣਾਈ ਗਈ ਪ੍ਰਾਪਰਟੀ ਢਾਹੀ ਗਈ ਹੈ। ਇਸ ਮੌਕੇ ਐਸਐਚਓ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ ਵੀ ਮੌਜੂਦ ਸਨ।