ਆਵਾਰਾ ਕੁੱਤਿਆਂ ਨੇ 14 ਬੱਕਰੀਆਂ ਮਾਰੀਆਂ, ਪੰਜ ਜ਼ਖ਼ਮੀ
ਲੰਘੀ ਰਾਤ ਆਵਾਰਾ ਕੁੱਤਿਆਂ ਨੇ ਸਥਾਨਕ ਰਾਜਿੰਦਰ ਨਗਰ ਦੇ ਵਾਰਡ ਨੰਬਰ-5 ਦੇ ਵਾਸੀ ਗੁਰਪ੍ਰੀਤ ਸਿੰਘ ਦੇ ਬੱਕਰੀਆਂ ਵਾਲੇ ਵਾੜੇ ਵਿੱਚ ਦਾਖ਼ਲ ਹੋ ਕੇ 14 ਬੱਕਰੀਆਂ ਨੂੰ ਨੋਚ ਕੇ ਮਾਰ ਦਿੱਤਾ ਅਤੇ ਪੰਜ ਬੱਕਰੀਆਂ ਜ਼ਖ਼ਮੀ ਹਨ। ਜ਼ਖ਼ਮੀ ਬੱਕਰੀਆਂ ਦਾ ਗੁਰਪ੍ਰੀਤ ਸਿੰਘ...
Advertisement
ਲੰਘੀ ਰਾਤ ਆਵਾਰਾ ਕੁੱਤਿਆਂ ਨੇ ਸਥਾਨਕ ਰਾਜਿੰਦਰ ਨਗਰ ਦੇ ਵਾਰਡ ਨੰਬਰ-5 ਦੇ ਵਾਸੀ ਗੁਰਪ੍ਰੀਤ ਸਿੰਘ ਦੇ ਬੱਕਰੀਆਂ ਵਾਲੇ ਵਾੜੇ ਵਿੱਚ ਦਾਖ਼ਲ ਹੋ ਕੇ 14 ਬੱਕਰੀਆਂ ਨੂੰ ਨੋਚ ਕੇ ਮਾਰ ਦਿੱਤਾ ਅਤੇ ਪੰਜ ਬੱਕਰੀਆਂ ਜ਼ਖ਼ਮੀ ਹਨ। ਜ਼ਖ਼ਮੀ ਬੱਕਰੀਆਂ ਦਾ ਗੁਰਪ੍ਰੀਤ ਸਿੰਘ ਆਪਣੇ ਪੱਲਿਓਂ ਇਲਾਜ ਕਰਵਾ ਰਿਹਾ ਹੈ। ਪੀੜਤ ਗੁਰਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਨੂੰ ਮਰੀਆਂ ਬੱਕਰੀਆਂ ਦੇ ਮੁਆਵਜ਼ੇ ਦੀ ਮੰਗ ਲਈ ਦਿੱਤੇ ਲਿਖਤੀ ਪੱਤਰ ’ਚ ਦੱਸਿਆ ਹੈ ਕਿ ਉਹ ਬੱਕਰੀਆਂ ਪਾਲਣ ਦਾ ਧੰਦਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਰਿਹਾਇਸ਼ੀ ਘਰ ਤੋਂ ਕੁਝ ਗਜ਼ ਦੀ ਦੂਰੀ ’ਤੇ ਵਾੜੇ ਅੰਦਰ 23 ਬੱਕਰੀਆਂ ਰੱਖੀਆਂ ਹੋਈਆਂ ਹਨ। ਜਦ ਉਹ ਆਮ ਦੀ ਤਰ੍ਹਾਂ 27 ਅਗਸਤ ਦੀ ਰਾਤ ਨੂੰ ਕਰੀਬ ਸਾਢੇ ਬਾਰਾਂ ਵਜੇ ਆਪਣੇ ਬੱਕਰੀਆਂ ਵਾਲੇ ਵਾੜੇ ਵਿੱਚ ਗੇੜਾ ਮਾਰਨ ਗਿਆ ਤਾਂ ਆਵਾਰਾ ਕੁੱਤੇ ਉਸ ਦੀਆਂ ਬੱਕਰੀਆਂ ਨੂੰ ਚੂੰਡ ਰਹੇ ਸਨ। ਉਸ ਨੇ ਮੁਸ਼ਕਲ ਨਾਲ ਕੁੱਤਿਆਂ ਨੂੰ ਉੱਥੋਂ ਭਜਾਇਆ। ਕੁੱਤਿਆਂ ਨੂੰ ਭਜਾ ਕੇ ਜਦ ਉਸ ਨੇ ਦੇਖਿਆ ਤਾਂ ਉਸ ਦੀਆਂ 14 ਬੱਕਰੀਆਂ ਨੂੰ ਆਵਾਰਾ ਕੁੱਤਿਆਂ ਨੇ ਮਾਰ ਦਿੱਤਾ ਸੀ ਅਤੇ ਪੰਜ ਬੱਕਰੀਆਂ ਜ਼ਖ਼ਮੀ ਸਨ। ਉਸ ਨੇ ਦੱਸਿਆ ਕਿ ਪਹਿਲਾਂ ਵੀ ਆਵਾਰਾ ਕੁੱਤੇ ਚਾਰ-ਪੰਜ ਵਾਰ ਉਸ ਦੀਆਂ ਬੱਕਰੀਆਂ ਨੂੰ ਵੱਢ ਚੁੱਕੇ ਹਨ। ਉਸ ਨੇ ਦੱਸਿਆ ਕਿ ਉਸ ਨੇ ਪਿਛਲੇ ਕੁੱਝ ਮਹੀਨਿਆਂ ’ਚ ਹੀ ਇਹ 14 ਦੁਧਾਰੂ ਬੱਕਰੀਆਂ 35-40 ਹਜ਼ਾਰ ਪ੍ਰਤੀ ਬੱਕਰੀ ਦੀ ਕੀਮਤ ਦੇ ਹਿਸਾਬ ਨਾਲ ਖ਼ਰੀਦੀਆਂ ਸਨ। ਉਸ ਅਨੁਸਾਰ ਮ੍ਰਿਤਕ ਦੁਧਾਰੂ ਬੱਕਰੀਆਂ ਦੀ ਕੀਮਤ ਕਰੀਬ ਸਾਢੇ ਪੰਜ ਲੱਖ ਬਣਦੀ ਹੈ। ਉਸ ਨੇ ਡਿਪਟੀ ਕਮਿਸ਼ਨਰ ਨੂੰ ਫ਼ਰਿਆਦ ਕੀਤੀ ਹੈ ਕਿ ਉਸ ਨੂੰ ਆਵਾਰਾ ਕੁੱਤਿਆਂ ਵੱਲੋਂ ਮਾਰੀਆਂ ਬੱਕਰੀਆਂ ਦਾ ਮੁਆਵਜ਼ਾ ਦਿੱਤਾ ਜਾਵੇ।
Advertisement
Advertisement