ਸੁਖਪਾਲ ਖਹਿਰਾ ਖ਼ਿਲਾਫ਼ ਸਾਜ਼ਿਸ਼ ’ਚ ਇਕਜੁੱਟ ਹੋਣ ਸੂਬਾ ਵਾਸੀ: ਡਾ.ਗਾਂਧੀ
ਕਾਂਗਰਸੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਖੜ੍ਹਦਿਆਂ ਕਿਹਾ ਹੈ ਕਿ ਸੁਖਪਾਲ ਖਹਿਰਾ ਵਿਰੁੱਧ ਪੰਜਾਬ ਦੀ ‘ਆਪ ਸਰਕਾਰ’ ਵੱਲੋਂ ਕੀਤੀ ਜਾ ਰਹੀ ਸਾਜ਼ਿਸ਼ ਵਿਰੁੱਧ ਪੰਜਾਬ ਨੂੰ ਇਕਮੱਤ ਹੋਣਾ ਪਵੇਗਾ। ਪੰਜਾਬ ਇਸ ਵੇਲੇ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਪਰ ਪੰਜਾਬ ਸਰਕਾਰ ਲੋਕਾਂ ਨੂੰ ਉਲਝਾ ਰਹੀ ਹੈ। ਇਹ ਸਰਕਾਰ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਭੁੱਲਾ ਕੇ ਆਪਣੇ ਆਲੋਚਕ ਵਿਰੋਧੀਆਂ ਨੂੰ ਚੁੱਪ ਕਰਾਉਣ ਦੇ ਮਨਸੂਬੇ ’ਤੇ ਕੰਮ ਕਰ ਰਹੀ ਹੈ। ਡਾ. ਗਾਂਧੀ ਇੱਥੇ ਗੁਰੂ ਨਾਨਕ ਸਲੱਮ ਸੇਵਾ ਮਿਸ਼ਨ ਪੰਜਾਬ ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਪਟਿਆਲੇ ਦੀ ਤਫੱਜਲਪੁਰਾ ਦੀਆਂ ਝੁੱਗੀਆਂ ਵਿੱਚ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਚਲਾਏ ਜਾ ਰਹੇ ਸੇਵਾ ਕਾਰਜ ਤਹਿਤ ਮੁਫ਼ਤ ਸਿੱਖਿਆ ਪ੍ਰਾਪਤ ਕਰਕੇ ਬੀਐਸਸੀ ਨਰਸਿੰਗ, ਜੀਐਨਐਮ, ਬੀਕਾਮ., ਐਮਕਾਮ ਅਤੇ ਯੂਨੀਵਰਸਿਟੀ ਤੱਕ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪੁੱਜੇ ਸਨ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ‘ਆਪ’ ਸਰਕਾਰ ਦੀ ਨਿੰਦਾ ਕੀਤੀ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਵਿਰੋਧੀਆਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਸਾਜਿਸ਼ ਲਹਿਰ ਚਲਾ ਰੱਖੀ ਹੈ ਜਿਸ ਤੋਂ ਕਾਂਗਰਸ ਡਰਨ ਵਾਲੀ ਨਹੀਂ ਹੈ, ਪੰਜਾਬ ’ਤੇ ਕਰਜ਼ੇ ਦਾ ਭਾਰ ਵਧ ਰਿਹਾ ਹੈ, ਕੇਂਦਰ ਸਰਕਾਰ ਪੰਜਾਬ ਨੂੰ ਕੋਈ ਵੀ ਫ਼ੰਡ ਦੇਣ ਤੋਂ ਇਸ ਕਰਕੇ ਇਨਕਾਰੀ ਹੈ ਕਿਉਂਕਿ ਪੰਜਾਬ ਦੀ ‘ਆਪ’ ਸਰਕਾਰ ਨੂੰ ਪੰਜਾਬ ਲਈ ਮੰਗਣਾ ਨਹੀਂ ਆ ਰਿਹਾ।