ਵਾਟਰ ਸਪਲਾਈ ਤੇ ਸੀਵਰੇਜ ਬੋਰਡ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਅਣਮਿੱਥੇ ਸਮੇਂ ਦੀ ਹੜਤਾਲ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਦੀ ਅਗਵਾਈ ਵਿੱਚ ਪੰਦਰਵੇਂ ਦਿਨ ਵੀ ਜਾਰੀ ਰਹੀ। ਅੱਜ ਹੜਤਾਲ ਦੇ ਪੰਦਰਵੇਂ ਦਿਨ ਸੂਬਾ ਕਮੇਟੀ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ 14 ਅਗਸਤ ਦੇ ਮੁਜ਼ਾਹਰੇ ਦੀ ਪੜਚੋਲ ਕੀਤੀ ਗਈ ਅਤੇ ਅਗਲੇ ਸੰਘਰਸ਼ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਨੇ ਕਿਹਾ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮੇ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਦਾ ਸੰਤਾਪ ਝੱਲਦੇ ਆ ਰਹੇ ਹਨ ਪਰ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਕਾਮਿਆਂ ਨੂੰ ਅਣਦੇਖਿਆ ਹੀ ਕੀਤਾ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਸਾਢੇ ਤਿੰਨ ਸਾਲ ਤੋਂ ਪਿਛਲੀਆਂ ਸਰਕਾਰਾਂ ਵਾਂਗ ਹੀ ਡੰਗ ਟਪਾਊ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ 23 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਦਾ ਹੱਲ ਕਰਕੇ ਲਿਖਤੀ ਰੂਪ ਵਿਚ ਫੈਸਲਾ ਨਹੀਂ ਲਿਆ ਜਾਂਦਾ ਤਾਂ 23 ਅਗਸਤ ਦੀ ਮੀਟਿੰਗ ਤੋਂ ਬਾਅਦ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਸੀਨੀਅਰ ਲੀਡਰਸ਼ਿਪ ਨਿਵਾਸ ਸ਼ਰਮਾ ਸੰਗਰੂਰ, ਹਰਦੀਪ ਕੁਮਾਰ ਸ਼ਰਮਾ, ਜਨਰਲ ਸਕੱਤਰ ਜਗਵੀਰ ਸਿੰਘ, ਵਿਨੋਦ ਕੁਮਾਰ ਬਰਨਾਲਾ, ਕਲਵਿੰਦਰ ਸਿੰਘ, ਬੀਰਾ ਸਿੰਘ, ਅਸ਼ੋਕ ਕੁਮਾਰ, ਸੰਜੂ ਧੂਰੀ, ਸੁਖਜੀਵਨ ਸਰਦੂਲਗੜ੍ਹ, ਰਾਜੇਸ਼ ਕੁਮਾਰ ਮਾਨਸਾ, ਸੱਤਪਾਲ ਸਿੰਘ, ਗੋਗੀ ਭੀਖੀ, ਅਸ਼ਵਨੀ ਕੁਮਾਰ ਚੀਮਾ, ਵਿਜੇ ਕੁਮਾਰ ਬੁਢਲਾਡਾ, ਸੰਜੀਵ ਕੁਮਾਰ ਬੁਢਲਾਡਾ, ਹਰਪ੍ਰੀਤ ਸਿੰਘ, ਜੱਗਾ ਸਿੰਘ ਭੀਖੀ ਤੇ ਪਵਨ ਕੁਮਾਰ ਮਾਨਸਾ ਆਦਿ ਹਾਜ਼ਰ ਸਨ।