ਇਲਾਜ ਲਈ ਮਰੀਜ਼ ਅਤੇ ਸਾਥੀਆਂ ਵੱਲੋਂ ਸਟਾਫ ਦੀ ਕੁੱਟਮਾਰ
ਇਥੋਂ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਤਿੰਨ ਵਿਅਕਤੀਆਂ ਵੱਲੋਂ ਹਸਪਤਾਲ ਦੇ ਸਟਾਫ ਨਾਲ ਕਥਿਤ ਬਦਤਮੀਜ਼ੀ ਕਰਦਿਆਂ ਕੁੱਟਮਾਰ ਕੀਤੀ ਗਈ। ਪੁਲੀਸ ਨੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਰਕਾਰੀ ਹਸਪਤਾਲ ਦੇ ਵਾਰਡ ਅਟੈਂਡੈਂਟ ਜਗਸੀਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਬੀਤੀ ਸ਼ਾਮ ਜਗਸੀਰ ਸਿੰਘ ਵਾਸੀ ਸੰਗਰੂਰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਲਈ ਆਇਆ ਸੀ। ਉਸ ਨਾਲ ਬੰਟੀ ਵਾਸੀ ਰਾਏ ਸਿੰਘ ਵਾਲਾ ਅਤੇ ਇੱਕ ਅਣਪਛਾਤਾ ਵੀ ਸੀ। ਇਸੇ ਦੌਰਾਨ ਜਦੋਂ ਸਟਾਫ ਨਰਸ ਜਗਸੀਰ ਸਿੰਘ ਦਾ ਚੈੱਕਅੱਪ ਕਰਨ ਲੱਗੀ ਤਾਂ ਅਣਪਛਾਤੇ ਵਿਅਕਤੀ ਨੇ ਕਥਿਤ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਸ ਨੇ ਰੋਕਿਆ ਤਾਂ ਮੁਲਜ਼ਮ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਹਸਪਤਾਲ ਦੇ ਐਮਰਜੈਂਸੀ ਇੰਚਾਰਜ ਡਾ. ਮੁਖਤਿਆਰ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਹਸਪਤਾਲ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੀ ਵੀ ਮੰਗ ਕੀਤੀ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿਛਲੇ ਮਹੀਨੇ ਕੁੱਝ ਵਿਅਕਤੀਆਂ ਵੱਲੋਂ ਹਸਪਤਾਲ ਵਿੱਚ ਤਾਇਨਾਤ ਡਾ. ਵਿਕਰਮ ਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ।
