ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਨਗ਼ਦ ਵਜ਼ੀਫਾ
ਇੱਥੇ ਸੰਸਕਾਰ ਵੈਲੀ ਸਕੂਲ ਵਿੱਚ ਸਮਾਜ ਸੇਵੀ ਸੰਸਥਾ ਆਂਚਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਇਲਾਕੇ ਦੇ 23 ਸਰਕਾਰੀ ਸਕੂਲਾਂ ਦੇ ਨੌਵੀਂ ਜਮਾਤ ਦੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 6000 ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਨਮਨ ਮੜਕਣ ਪੀ ਸੀ ਐਸ, ਰੋਹਿਤ ਬਿਸ਼ਨੋਈ ਡਾਇਰੈਕਟਰ ਆਈਕਵੇਸਟ ਇੰਸਟੀਚਿਊਟ ਪਟਿਆਲਾ, ਰਾਹੁਲ ਕੌਸ਼ਲ ਡੀਐਸਪੀ ਭਵਾਨੀਗੜ੍ਹ ਨੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਪ੍ਰਬੰਧਕ ਧਰਮਵੀਰ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਸ਼ਿਆਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਮਦਦ ਕਰਨ ਦਾ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੀ ਲੜੀ ਵਜੋਂ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮਦਦ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਸਿਖਿਆ ਸ਼ਾਸਤਰੀ ਵਿਜੈ ਸ਼ਰਮਾ, ਡਾ. ਰਵੀ ਮੜਕਣ, ਸੰਜੀਵ ਗੋਇਲ ਐਡਵੋਕੇਟ, ਈਸ਼ਵਰ ਬਾਂਸਲ, ਪ੍ਰਿੰਸੀਪਲ ਅਮਨ ਨਿੱਜਰ, ਮਾਸਟਰ ਚਰਨ ਸਿੰਘ, ਡਾਕਟਰ ਅਮਿਤ ਬਾਂਸਲ, ਡਾਕਟਰ ਯਸ਼ਦੀਪ ਗੋਇਲ, ਯਤਿੰਦਰ ਮਿੱਤਲ, ਦਿਵੇਸ਼ ਗੋਇਲ ਹਾਜ਼ਰ ਸਨ।