ਵਿਦੇਸ਼ ਭੇਜਣ ਦੇ ਨਾਂ ’ਤੇ ਛੇ ਜਣਿਆਂ ਤੋਂ 47 ਲੱਖ ਠੱਗੇ
ਵਿਦੇਸ਼ ਭੇਜਣ ਦਾ ਝਾਂਸੇ ਹੇਠ ਤਿੰਨ ਵੱਖ-ਵੱਖ ਮਾਮਲਿਆਂ ਵਿਚ 6 ਵਿਅਕਤੀ ਲਗਭਗ 47 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਪੀੜਤ ਵਿਅਕਤੀਆਂ ਦੀ ਸ਼ਿਕਾਇਤ ’ਤੇ ਸੰਗਰੂਰ ਪੁਲੀਸ ਵਲੋਂ ਇੱਕ ਮਹਿਲਾ ਸਣੇ 4 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਪੁਲੀਸ ਵਿਚ ਦਰਜ ਸ਼ਿਕਾਇਤ ਅਨੁਸਾਰ ਰੋਹਿਤ ਜਾਮਵਾਲ ਵਾਸੀ ਕੋਟਪਲਹਾੜੀ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੀ ਸ਼ਿਕਾਇਤ ’ਤੇ ਉਸ ਅਤੇ ਉਸਦੇ ਭਰਾ ਨਾਲ ਆਸਟਰੇਲੀਆ ਦਾ ਵੀਜ਼ਾ ਲਗਾ ਕੇ ਵਿਦੇਸ਼ ਭੇਜਣ ਦੇ ਨਾਮ ’ਤੇ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸੱਤਪਾਲ ਸ਼ਰਮਾ ਅਤੇ ਉਸ ਦੇ ਪੁੱਤਰ ਰਵਿੰਦਰ ਸ਼ਰਮਾ ਵਾਸੀਆਨ ਪਿੰਡ ਭੁਟਾਲ ਕਲਾਂ ਹਾਲ ਆਬਾਦ ਆਸਟਰੇਲੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਪਾਲ ਸਿੰਘ ਵਾਸੀ ਰਾਜੋਮਾਜਰਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਫਰਵਰੀ-ਮਾਰਚ 2024 ਵਿਚ ਜਸਵੀਰ ਕੌਰ ਉਰਫ ਜਸਪ੍ਰੀਤ ਵਾਸੀ ਕੁਲਾਰਾਂ ਜ਼ਿਲ੍ਹਾ ਪਟਿਆਲਾ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਉਸਨੂੰ ਅਤੇ ਉਸ ਦੇ ਦੋ ਦੋਸਤਾਂ ਨੂੰ ਵਰਕ ਪਰਮਿਟ ’ਤੇ ਪੋਲੈਂਡ ਭੇਜ ਦੇਵੇਗੀ । ਇਸ ਬਦਲੇ ਜਸਵੀਰ ਕੌਰ ਨੇ ਉਸ ਤੋਂ 2 ਲੱਖ 53 ਹਜ਼ਾਰ, ਉਸ ਦੇ ਦੋਸਤ ਸੁਮਿਤ ਤੋਂ 2 ਲੱਖ 3 ਹਜ਼ਾਰ ਅਤੇ ਕੁਨਾਲ ਜੈਦਕਾ ਤੋਂ 2 ਲੱਖ 3 ਹਜ਼ਾਰ ਰੁਪਏ ਕੁੱਲ 6 ਲੱਖ 59 ਹਜ਼ਾਰ ਰੁਪਏ ਵਸੂਲ ਕੀਤੇ ਸਨ। ਤਿੰਨਾਂ ਨੂੰ ਪੋਲੈਂਡ ਨਹੀਂ ਭੇਜਿਆ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਸਵੀਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੱਕ ਹੋਰ ਮਾਮਲੇ ’ਚ ਪੁਲੀਸ ਨੇ ਪੰਜਾਬ ਸਿੰਘ ਵਾਸੀ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ’ਤੇ ਸੁਖਬੀਰ ਸਿੰਘ ਵਾਸੀ ਜਨਾਲ ਖ਼ਿਲਾਫ਼ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸਨੂੰ ਦੋ ਸਾਲ ਦੇ ਵਰਕ ਪਰਮਿਟ ’ਤੇ ਪੋਲੈਂਡ ਭੇਜਣ ਦੀ ਬਜਾਏ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ’ਤੇ ਜੌਰਜੀਆ ਭੇਜ ਦਿੱਤਾ। ਕੁੱਝ ਸਮੇਂ ਬਾਅਦ ਹੀ ਜੌਰਜੀਆ ਤੋਂ ਉਸਨੂੰ ਵਾਪਸ ਭੇਜ ਦਿੱਤਾ ਗਿਆ।